ਅੰਤੜੀਆਂ ਦੇ ਕੈਂਸਰ ਦੀ ਸਕ੍ਰੀਨਿੰਗ: ਕੋਲੋਨੋਸਕੋਪੀ ਕਰਵਾਉਣਾ (Punjabi)
ਅੱਪਡੇਟ ਕੀਤਾ 27 ਜਨਵਰੀ 2025
Applies to England
ਐੱਨ.ਐੱਚ.ਐੱਸ. ਦੇ ਅੰਤੜੀਆਂ ਦੇ ਕੈਂਸਰ ਦੀ ਸਕ੍ਰੀਨਿੰਗ ਟੈਸਟ ਕਿੱਟ ਦੀ ਵਰਤੋਂ ਕਰਨ ਤੋਂ ਬਾਅਦ ਜੇਕਰ ਹੋਰ ਟੈਸਟਾਂ ਦੀ ਲੋੜ ਹੋਣ ਹੁੰਦੀ ਹੈ ਤਾਂ ਇਹ ਪਰਚਾ ਕੋਲੋਨੋਸਕੋਪੀ ਕਰਵਾਉਣ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ।
1. ਐੱਨ.ਐੱਚ.ਐੱਸ. ਕੋਲੋਨੋਸਕੋਪੀ ਦੀ ਪੇਸ਼ਕਸ਼ ਕਿਉਂ ਕਰਦੀ ਹੈ
ਕੋਲੋਨੋਸਕੋਪੀ ਪੌਲੀਪਸ ਅਤੇ ਅੰਤੜੀਆਂ ਦੇ ਕੈਂਸਰਾਂ ਬਾਰੇ ਪਤਾ ਲਗਾਉਣ ਵਿੱਚ ਮਦਦ ਕਰ ਸਕਦੀ ਹੈ ਕਿਉਂਕਿ ਉਹ ਬਿਨਾਂ ਲੱਛਣਾਂ ਤੋਂ ਹੋ ਸਕਦੇ ਹਨ।
ਪੌਲੀਪਸ ਵੱਡੀ ਅੰਤੜੀ ਦੀ ਪਰਤ ‘ਤੇ ਛੋਟੀਆਂ-ਛੋਟੀਆਂ ਗੰਢਾਂ (ਵਧੇ ਹੋਏ ਹਿੱਸੇ) ਹੁੰਦੀਆਂ ਹਨ। ਜ਼ਿਆਦਾਤਰ ਪੌਲੀਪਸ ਨੁਕਸਾਨਦੇਹ ਨਹੀਂ ਹੁੰਦੇ, ਪਰ ਕੁਝ ਦੇ ਕੈਂਸਰ ਵਿੱਚ ਬਦਲਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਅੰਤੜੀ ਦਾ ਕੈਂਸਰ ਅਜਿਹਾ ਕੈਂਸਰ ਹੈ ਜੋ ਵੱਡੀ ਅੰਤੜੀ ਵਿੱਚ ਕਿਤੇ ਵੀ ਦੇਖਿਆ ਜਾਂਦਾ ਹੈ। ਇਸ ਵਿਚ ਸ਼ਾਮਲ ਹਨ ਕੋਲਨ ਅਤੇ ਰੈਕਟਮ।
ਜੇਕਰ ਸਾਨੂੰ ਤੁਹਾਡੀ ਟੱਟੀ ਦੇ ਨਮੂਨੇ ਵਿੱਚ ਕੁਝ ਮਾਤਰਾ ਵਿੱਚ ਖੂਨ ਮਿਲਦਾ ਹੈ ਤਾਂ ਅਸੀਂ ਕੋਲੋਨੋਸਕੋਪੀ ਦੀ ਪੇਸ਼ਕਸ਼ ਕਰਦੇ ਹਾਂ। ਪੌਲੀਪਸ ਅਤੇ ਅੰਤੜੀਆਂ ਦੇ ਕੈਂਸਰਾਂ ਵਿੱਚ ਕਈ ਵਾਰੀ ਖੂਨ ਦਾ ਵਹਾਓ ਹੁੰਦਾ ਹੈ ਪਰ ਤੁਸੀਂ ਹਮੇਸ਼ਾ ਇਹ ਨਹੀਂ ਦੇਖ ਸਕਦੇ। ਜ਼ਿਆਦਾਤਰ ਲੋਕਾਂ ਨੂੰ ਅੰਤੜੀਆਂ ਦਾ ਕੈਂਸਰ ਨਹੀਂ ਹੋਵੇਗਾ, ਪਰ ਕੋਲੋਨੋਸਕੋਪੀ ਕਰਵਾਉਣ ਨਾਲ ਸਾਨੂੰ ਖੂਨ ਵਹਿਣ ਦੇ ਕਾਰਨ ਦੀ ਜਾਂਚ ਕਰਨ ਵਿੱਚ ਮਦਦ ਮਿਲਦੀ ਹੈ।
ਜੇਕਰ ਤੁਹਾਡੇ ਕੋਈ ਪੌਲੀਪਸ ਹੁੰਦੇ ਹਨ, ਤਾਂ ਅਸੀਂ ਆਮ ਤੌਰ ‘ਤੇ ਕੋਲੋਨੋਸਕੋਪੀ ਦੌਰਾਨ ਉਨ੍ਹਾਂ ਨੂੰ ਕੱਢ ਸਕਦੇ ਹਾਂ। ਇਹ ਅੰਤੜੀਆਂ ਦੇ ਕੈਂਸਰ ਹੋਣ ਦੇ ਤੁਹਾਡੇ ਜੋਖਮ ਨੂੰ ਬਹੁਤ ਘਟਾ ਸਕਦਾ ਹੈ। ਜੇਕਰ ਅੰਤੜੀਆਂ ਦੇ ਕੈਂਸਰ ਦੇ ਲੱਛਣ ਹਨ, ਤਾਂ ਅਸੀਂ ਇਲਾਜ ਦੀ ਪੇਸ਼ਕਸ਼ ਕਰ ਸਕਦੇ ਹਾਂ। ਅੰਤੜੀਆਂ ਦੇ ਕੈਂਸਰ ਬਾਰੇ ਜਲਦੀ ਪਤਾ ਲਗਾਉਣ ਨਾਲ ਇਹ ਸੰਭਾਵਨਾ ਵੱਧ ਸਕਦੀ ਹੈ ਕਿ ਇਲਾਜ ਪ੍ਰਭਾਵਸ਼ਾਲੀ ਹੋਵੇਗਾ।

ਕੋਲਨ ਅਤੇ ਰੈਕਟਮ ਵੱਡੀ ਅੰਤੜੀ ਬਣਾਉਂਦੇ ਹਨ
ਅੰਤੜੀ ਤੁਹਾਡੇ ਹਾਜ਼ਮੇ ਦੀ ਪ੍ਰਣਾਲੀ ਦਾ ਇਕ ਹਿੱਸਾ ਹੈ। ਇਹ ਖਾਣੇ ਤੋਂ ਖੁਰਾਕ ਅਤੇ ਪਾਣੀ ਲੈਂਦੀ ਹੈ ਅਤੇ ਜੋ ਕੁਝ ਬੱਚਦਾ ਹੈ ਉਹ ਟੱਟੀ ਵਿਚ ਬਦਲ ਜਾਂਦਾ ਹੈ।
2. ਕੋਲੋਨੋਸਕੋਪੀ
ਕੋਲੋਨੋਸਕੋਪੀ ਤੁਹਾਡੀਆਂ ਅੰਤੜੀਆਂ ਦੇ ਅੰਦਰ ਪੌਲੀਪਸ ਅਤੇ ਅੰਤੜੀਆਂ ਦੇ ਕੈਂਸਰ ਦੀ ਜਾਂਚ ਕਰਨ ਲਈ ਇੱਕ ਟੈਸਟ ਹੈ। ਇਹ ਇਸ ਗੱਲ ਪੁਸ਼ਟੀ ਕਰਨ ਵਿੱਚ ਵੀ ਮਦਦ ਕਰਦਾ ਹੈ ਕਿ ਕੀ ਤੁਹਾਨੂੰ ਅੰਤੜੀਆਂ ਦੀ ਕੋਈ ਸਿਹਤ-ਸਮੱਸਿਆ ਹੈ ਜੋ ਅੰਤੜੀਆਂ ਦਾ ਕੈਂਸਰ ਨਹੀਂ ਹੈ।
ਇੱਕ ਵਿਸ਼ੇਸ਼ ਤੌਰ ‘ਤੇ ਸਿਖਲਾਈ ਪ੍ਰਾਪਤ ਡਾਕਟਰ ਜਿਸ ਨੂੰ ਕੋਲੋਨੋਸਕੋਪਿਸਟ ਕਿਹਾ ਜਾਂਦਾ ਹੈ, ਇਹ ਟੈਸਟ ਕਰੇਗਾ।
ਉਹ ਤੁਹਾਡੇ ਪਿੱਛੋਂ (ਗੁਦਾ ਤੋਂ) ਇੱਕ ਛੋਟੇ ਕੈਮਰੇ ਵਾਲੀ ਇੱਕ ਪਤਲੀ, ਲਚਕਦਾਰ ਟਿਊਬ ਅੰਦਰ ਪਾਉਣਗੇ। ਇਸ ਨੂੰ ਕੋਲੋਨੋਸਕੋਪ ਕਿਹਾ ਜਾਂਦਾ ਹੈ। ਤੁਸੀਂ ਇਸ ਨੂੰ ਅੰਦਰ ਜਾਂਦਾ ਮਹਿਸੂਸ ਕਰ ਸਕਦੇ ਹੋ, ਪਰ ਜ਼ਿਆਦਾਤਰ ਲੋਕਾਂ ਨੂੰ ਇਹ ਤਕਲੀਫੇਹ ਨਹੀਂ ਲੱਗਦੀ। ਇਹ ਤੁਹਾਡੀਆਂ ਅੰਤੜੀਆਂ ਦੇ ਅੰਦਰੂਨੀ ਹਿੱਸੇ ਨੂੰ ਇੱਕ ਸਕ੍ਰੀਨ ‘ਤੇ ਦਿਖਾਏਗਾ।

ਕੋਲੋਨੋਸਕੋਪਿਸਟ ਇੱਕ ਸਕ੍ਰੀਨ ‘ਤੇ ਅੰਤੜੀਆਂ ਦੇ ਅੰਦਰਲੇ ਹਿੱਸੇ ਦੀਆਂ ਤਸਵੀਰਾਂ ਨੂੰ ਦੇਖਦਾ ਹੈ
ਇੱਕ ਕੋਲੋਨੋਸਕੋਪੀ ਲਈ ਆਮ ਤੌਰ ‘ਤੇ 30 ਤੋਂ 45 ਮਿੰਟ ਲੱਗਦੇ ਹਨ। ਤੁਹਾਡੀ ਪੂਰੀ ਅਪੌਇੰਟਮੈਂਟ ਲਈ ਲਗਭਗ 2 ਘੰਟੇ ਲੱਗ ਸਕਦੇ ਹਨ।
3. ਤੁਹਾਡੀਆਂ ਅਪੌਇੰਟਮੈਂਟਾਂ
ਤੁਹਾਡੀ ਪਹਿਲੀ ਅਪੌਇੰਟਮੈਂਟ ਕੋਲੋਨੋਸਕੋਪੀ ਕਰਵਾਉਣ ਬਾਰੇ ਚਰਚਾ ਕਰਨ ਲਈ ਹੋਵੇਗੀ। ਇਸ ਨੂੰ ਇੱਕ ਮਾਹਰ ਸਕ੍ਰੀਨਿੰਗ ਪ੍ਰੈਕਟੀਸ਼ਨਰ (ਐੱਸ.ਐੱਸ.ਪੀ.) ਵਾਲੀ ਅਪੌਇੰਟਮੈਂਟ ਕਿਹਾ ਜਾਂਦਾ ਹੈ। ਮਾਹਰ:
-
ਤੁਹਾਡੇ ਨਾਲ ਤੁਹਾਡੇ ਸਕ੍ਰੀਨਿੰਗ ਨਤੀਜਿਆਂ ਬਾਰੇ ਗੱਲ ਕਰੇਗਾ
-
ਇਸ ਬਾਰੇ ਦੱਸੇਗਾ ਕਿ ਕੋਲੋਨੋਸਕੋਪੀ ਕੀ ਹੈ
-
ਸੰਭਾਵੀ ਜੋਖਮਾਂ ਅਤੇ ਫਾਇਦਿਆਂ ਬਾਰੇ ਦੱਸੇਗਾ
-
ਤੁਹਾਨੂੰ ਜ਼ਿਆਦਾ ਅਰਾਮਦੇਹ ਮਹਿਸੂਸ ਕਰਵਾਉਣ ਲਈ ਉਪਲਬਧ ਵਿਕਲਪਾਂ ਬਾਰੇ ਚਰਚਾ ਕਰੇਗਾ
-
ਤੁਹਾਡੇ ਕਿਸੇ ਵੀ ਸਵਾਲ ਦੇ ਜਵਾਬ ਦੇਵੇਗਾ।
ਉਹ ਇਹ ਪਤਾ ਲਗਾਉਣਗੇ ਕਿ ਕੀ ਕੋਲੋਨੋਸਕੋਪੀ ਤੁਹਾਡੇ ਲਈ ਢੁਕਵੀਂ ਹੈ। ਉਹ ਤੁਹਾਨੂੰ ਕਿਸੇ ਵੀ ਸਿਹਤ ਸਮੱਸਿਆ ਬਾਰੇ ਪੁੱਛਣਗੇ ਅਤੇ ਇਸ ਬਾਰੇ ਕਿ ਕੀ ਤੁਸੀਂ ਦਵਾਈ ਲੈਂਦੇ ਹੋ। ਕੁਝ ਵਿਅਕਤੀ ਕੋਲੋਨੋਸਕੋਪੀ ਨਹੀਂ ਕਰਵਾ ਸਕਦੇ। ਮਾਹਰ ਇਹ ਮੁਲਾਂਕਣ ਕਰੇਗਾ ਕਿ ਕੀ ਇਸ ਦੀ ਬਜਾਏ ਸੀ.ਟੀ. ਕੋਲੋਨੋਗ੍ਰਾਫੀ (ਸੀ.ਟੀ.ਸੀ.) ਸਕੈਨ ਨਾਮਕ ਵਰਚੁਅਲ ਕੋਲੋਨੋਸਕੋਪੀ ਢੁਕਵੀਂ ਹੋ ਸਕਦੀ ਹੈ। ਇਹ ਟੈਸਟ ਤੁਹਾਡੀ ਅੰਤੜੀ ਦੀ ਸਿਹਤ ਦੀ ਜਾਂਚ ਕਰਨ ਲਈ ਐਕਸ-ਰੇ ਦੀ ਵਰਤੋਂ ਕਰਦਾ ਹੈ। GOV.UK ‘ਤੇ ਸੀ.ਟੀ.ਸੀ. ਸਕੈਨ ਕਰਵਾਉਣ ਬਾਰੇ ਹੋਰ ਪੜ੍ਹੋ।
ਜੇਕਰ ਤੁਸੀਂ ਕੋਲੋਨੋਸਕੋਪੀ ਕਰਵਾਉਣ ਲਈ ਕਾਫੀ ਫਿੱਟ ਹੋ, ਤਾਂ ਤੁਸੀਂ ਇਹ ਚੋਣ ਕਰ ਸਕਦੇ ਹੋ ਕਿ ਕੀ ਤੁਸੀਂ ਕਾਰਜ-ਪ੍ਰਕਿਰਿਆ ਲਈ ਅੱਗੇ ਵਧਣਾ ਚਾਹੁੰਦਾ ਹੋ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਇਹ ਆਮ ਤੌਰ ‘ਤੇ ਹਸਪਤਾਲ ਵਿੱਚ ਹੋਵੇਗੀ। ਇਹ ਤੁਹਾਡੀ ਪਹਿਲੀ ਅਪੌਇੰਟਮੈਂਟ ਤੋਂ 2 ਹਫ਼ਤਿਆਂ ਦੇ ਅੰਦਰ ਹੋਣੀ ਚਾਹੀਦੀ ਹੈ।
ਜੇਕਰ ਤੁਹਾਡੀਆਂ ਕੋਈ ਵਾਧੂ ਜ਼ਰੂਰਤਾਂ ਹਨ ਤਾਂ ਕਿਰਪਾ ਕਰਕੇ ਮਾਹਰ ਨੂੰ ਦੱਸੋ। ਮਿਸਾਲ ਦੇ ਤੌਰ ’ਤੇ, ਤੁਹਾਨੂੰ ਆਪਣੀ ਅਪੌਇੰਟਮੈਂਟ ‘ਤੇ ਆਪਣੀ ਮਦਦ ਲਈ ਕਿਸੇ ਦੀ, ਜਿਵੇਂ ਕਿ ਇੱਕ ਦੇਖਭਾਲਕਰਤਾ ਜਾਂ ਦੁਭਾਸ਼ੀਏ ਦੀ, ਲੋੜ ਪੈ ਸਕਦੀ ਹੈ।
ਤੁਸੀਂ ਇੱਕ ਮਰਦ ਜਾਂ ਔਰਤ ਕੋਲੋਨੋਸਕੋਪਿਸਟ ਲਈ ਬੇਨਤੀ ਕਰ ਸਕਦੇ ਹੋ। ਅਸੀਂ ਤੁਹਾਡੀ ਚੋਣ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ, ਪਰ ਅਜਿਹਾ ਕਰਨਾ ਹਮੇਸ਼ਾ ਸੰਭਵ ਨਹੀਂ ਹੁੰਦਾ।

ਚਿੱਤਰ ਅੰਤੜੀ ਦੀ ਸਕ੍ਰੀਨਿੰਗ ਦੀ ਅਪੌਇੰਟਮੈਂਟ ਦੇ ਰਾਸਤੇ ਨੂੰ ਦਿਖਾਉਂਦਾ ਹੈ
4. ਤੁਹਾਡੀ ਕੋਲੋਨੋਸਕੋਪੀ ਤੋਂ ਪਹਿਲਾਂ
ਤੁਹਾਨੂੰ ਆਪਣੀ ਮਾਹਰ ਸਕ੍ਰੀਨਿੰਗ ਪ੍ਰੈਕਟੀਸ਼ਨਰ ਦੀ ਅਪੌਇੰਟਮੈਂਟ ‘ਤੇ ਕੁਝ ਹਦਾਇਤਾਂ ਮਿਲਣਗੀਆਂ। ਇਹ ਤੁਹਾਡੀ ਕੋਲੋਨੋਸਕੋਪੀ ਲਈ ਤਿਆਰੀ ਕਰਨ ਵਿੱਚ ਤੁਹਾਡੀ ਮਦਦ ਕਰਨਗੀਆਂ।
ਕਾਰਜ-ਪ੍ਰਕਿਰਿਆ ਕਰਵਾਉਣ ਲਈ ਤੁਹਾਡੀਆਂ ਅੰਤੜੀਆਂ (ਪੇਟ) ਨੂੰ ਖਾਲੀ ਹੋਣ ਦੀ ਲੋੜ ਹੋਵੇਗੀ। ਕਿਰਪਾ ਕਰਕੇ ਹਦਾਇਤਾਂ ਦੀ ਧਿਆਨ ਨਾਲ ਪਾਲਣਾ ਕਰੋ। ਇਨ੍ਹਾਂ ਵਿੱਚ ਸ਼ਾਮਲ ਹੋਣਗੇ:
-
ਤੁਹਾਨੂੰ ਆਪਣੀ ਕੋਲੋਨੋਸਕੋਪੀ ਤੋਂ ਪਹਿਲਾਂ ਵਾਲੇ ਕੁਝ ਦਿਨਾਂ ਵਿੱਚ ਕੀ ਖਾਣ-ਪੀਣ ਦੀ ਲੋੜ ਹੁੰਦੀ ਹੈ
-
ਤੁਹਾਨੂੰ ਖਾਣਾ-ਪੀਣਾ ਕਦੋਂ ਬੰਦ ਕਰਨਾ ਚਾਹੀਦਾ ਹੈ
-
ਤੁਹਾਨੂੰ ਲੈਗਜ਼ੈਟਿਵ (ਪੇਟ ਸਾਫ਼ ਕਰਨ ਵਾਲੀ ਦਵਾਈ) ਦੀਆਂ ਪੁੜੀਆਂ ਪੀਣ ਲਈ ਦੇਣੀਆਂ, ਜਾਂ ਇਸ ਬਾਰੇ ਜਾਣਕਾਰੀ ਕਿ ਉਨ੍ਹਾਂ ਨੂੰ ਕਿਵੇਂ ਲੈਣਾ ਹੈ
-
ਲੈਗਜ਼ੈਟਿਵ ਨੂੰ ਕਿਵੇਂ ਅਤੇ ਕਦੋਂ ਲੈਣਾ ਹੈ।
ਲੈਗਜ਼ੈਟਿਵ ਕਰਕੇ ਤੁਸੀਂ ਆਪਣੀਆਂ ਅੰਤੜੀਆਂ (ਪੇਟ) ਨੂੰ ਖਾਲੀ ਕਰਨ ਵਿੱਚ ਮਦਦ ਲਈ ਆਮ ਨਾਲੋਂ ਜ਼ਿਆਦਾ ਵਾਰ ਟਾਇਲਟ ਜਾਓਗੇ। ਇਹ ਆਮ ਤੌਰ ‘ਤੇ ਕਾਰਜ-ਪ੍ਰਕਿਰਿਆ ਤੋਂ ਇੱਕ ਦਿਨ ਪਹਿਲਾਂ ਅਤੇ ਕਈ ਵਾਰ ਕਾਰਜ-ਪ੍ਰਕਿਰਿਆ ਵਾਲੇ ਦਿਨ ਹੋਵੇਗਾ।
ਤੁਸੀਂ ਆਮ ਤੌਰ ‘ਤੇ ਕੋਲੋਨੋਸਕੋਪੀ ਦੌਰਾਨ ਜਾਗਦੇ ਹੋ। ਤੁਸੀਂ ਇਨ੍ਹਾਂ ਦੀ ਚੋਣ ਕਰ ਸਕਦੇ ਹੋ:
-
ਦਰਦ ਨਿਵਾਰਕ ਦਵਾਈਆਂ
-
ਗੈਸ ਅਤੇ ਹਵਾ
-
ਸ਼ਾਂਤਕਾਰੀ ਦਵਾਈ - ਤੁਹਾਡੀ ਬਾਂਹ ਵਿੱਚ ਇੱਕ ਛੋਟੀ ਟਿਊਬ (ਕੈਨੂਲਾ) ਰਾਹੀਂ ਦਿੱਤੀ ਜਾਣ ਵਾਲੀ ਦਵਾਈ।
ਕੁਝ ਹਸਪਤਾਲ ਇਹ ਸਾਰੇ ਵਿਕਲਪ ਪੇਸ਼ ਨਹੀਂ ਵੀ ਕਰ ਸਕਦੇ ਹਨ।
5. ਆਪਣੀ ਕੋਲੋਨੋਸਕੋਪੀ ਕਰਵਾਉਣੀ
ਤੁਹਾਡੀ ਕੋਲੋਨੋਸਕੋਪੀ ਐਂਡੋਸਕੋਪੀ ਯੂਨਿਟ ਵਿੱਚ ਹੋਵੇਗੀ।
ਉਸ ਦਿਨ, ਇੱਕ ਨਰਸ ਜਾਂ ਮਾਹਰ ਤੁਹਾਨੂੰ ਦੱਸਣਗੇ ਕਿ ਕੀ ਹੋਣ ਵਾਲਾ ਹੈ ਅਤੇ ਸੰਭਾਵੀ ਜੋਖਮ ਕੀ ਹਨ। ਤੁਹਾਨੂੰ ਇੱਕ ਸਹਿਮਤੀ ਫਾਰਮ ‘ਤੇ ਦਸਤਖਤ ਕਰਨ ਲਈ ਕਿਹਾ ਜਾਵੇਗਾ। ਇਹ ਇਸ ਗੱਲ ਦੀ ਪੁਸ਼ਟੀ ਕਰਨ ਲਈ ਹੈ ਕਿ ਤੁਸੀਂ ਜੋਖਮਾਂ ਨੂੰ ਸਮਝਦੇ ਹੋ ਅਤੇ ਕਾਰਜ-ਪ੍ਰਕਿਰਿਆ ਕਰਵਾਉਣ ਲਈ ਸਹਿਮਤ ਹੁੰਦੇ ਹੋ।
ਜੇਕਰ ਤੁਸੀਂ ਸਹਿਮਤ ਹੋ, ਤਾਂ ਉਹ ਤੁਹਾਨੂੰ ਕੱਪੜੇ ਬਦਲ ਕੇ ਹਸਪਤਾਲ ਗਾਊਨ ਪਾਉਣ ਲਈ ਕਹਿਣਗੇ। ਤੁਹਾਨੂੰ ਆਪਣੀ ਕਾਰਜ-ਪ੍ਰਕਿਰਿਆ ਲਈ ਢਕ ਕੇ ਰੱਖਿਆ ਜਾਵੇਗਾ। ਗਾਊਨ ਦੇ ਪਿਛਲੇ ਚੀਰਾ ਜਿਹਾ ਹੁੰਦਾ ਹੈ
ਉਨ੍ਹਾਂ ਨੂੰ ਤੁਹਾਨੂੰ ਦਰਦ ਤੋਂ ਰਾਹਤ ਪਹੁੰਚਾਉਣ ਵਾਲੇ ਵਿਕਲਪਾਂ ਦੀ ਪੇਸ਼ਕਸ਼ ਕਰਨੀ ਚਾਹੀਦੀ ਹੈ।
ਟੈਸਟ ਕਰਵਾਉਣ ਲਈ, ਤੁਸੀਂ ਆਪਣੇ ਖੱਬੇ ਪਾਸੇ ਆਪਣੇ ਗੋਡਿਆਂ ਨੂੰ ਥੋੜ੍ਹਾ ਜਿਹਾ ਉੱਪਰ ਵੱਲ ਮੋੜ ਕੇ ਲੇਟ ਜਾਂਦੇ ਹੋ।
ਟਿਊਬ ਤੁਹਾਡੇ ਪਿੱਛੋਂ (ਗੁਦਾ ਤੋਂ) ਅੰਦਰ ਜਾਂਦੀ ਹੈ ਅਤੇ ਇਸ ਨੂੰ ਉੱਪਰ ਤੁਹਾਡੀ ਵੱਡੀ ਅੰਤੜੀ ਵੱਲ ਲਿਜਾਇਆ ਜਾਂਦਾ ਹੈ। ਟਿਊਬ ਆਸਾਨੀ ਨਾਲ ਮੁੜ ਜਾਂਦੀ ਹੈ ਇਸ ਲਈ ਇਹ ਤੁਹਾਡੀ ਅੰਤੜੀ ਦੇ ਵਕਰ (ਮੋੜ) ਵਾਲੇ ਹਿੱਸਿਆਂ ਦੇ ਆਸ-ਪਾਸ ਜਾ ਸਕਦੀ ਹੈ
ਕੋਲੋਨੋਸਕੋਪਿਸਟ ਹੌਲੀ-ਹੌਲੀ ਪਾਣੀ ਜਾਂ ਗੈਸ (ਕਾਰਬਨ ਡਾਈਆਕਸਾਈਡ) ਨੂੰ ਅੰਦਰ ਪੰਪ ਕਰਕੇ ਭੇਜੇਗਾ। ਇਹ ਤੁਹਾਡੀਆਂ ਅੰਤੜੀਆਂ ਨੂੰ ਖੋਲ੍ਹਦਾ ਹੈ ਅਤੇ ਉਨ੍ਹਾਂ ਨੂੰ ਦੇਖਣ ਵਿੱਚ ਮਦਦ ਕਰਦਾ ਹੈ। ਤੁਹਾਨੂੰ ਮਹਿਸੂਸ ਹੋ ਸਕਦਾ ਹੈ ਕਿ ਤੁਹਾਨੂੰ ਟਾਇਲਟ ਜਾਣ ਦੀ ਲੋੜ ਹੈ, ਪਰ ਤੁਹਾਡੀਆਂ ਅੰਤੜੀਆਂ (ਪੇਟ) ਪਹਿਲਾਂ ਹੀ ਖਾਲੀ ਹੋਣੀਆਂ ਚਾਹੀਦੀਆਂ ਹਨ ਇਸ ਲਈ ਚਿੰਤਾ ਨਾ ਕਰੋ। ਥੋੜ੍ਹਾ ਅਫਾਰਾ ਮਹਿਸੂਸ ਕਰਨਾ ਆਮ ਗੱਲ ਹੈ।
ਤੁਹਾਡੇ ਪੇਟ ਵਿੱਚ ਕੁਝ ਕੜਵੱਲ ਪੈ ਸਕਦੇ ਹਨ। ਕੋਲੋਨੋਸਕੋਪੀ ਕਰਵਾਉਣਾ ਬੇਆਰਾਮੀ ਵਾਲਾ ਹੋ ਸਕਦਾ ਹੈ ਪਰ ਇਹ ਤਕਲੀਫਦੇਹ ਨਹੀਂ ਹੋਣਾ ਚਾਹੀਦਾ। ਜੇਕਰ ਤੁਹਾਨੂੰ ਕੋਈ ਦਰਦ ਮਹਿਸੂਸ ਹੁੰਦਾ ਹੈ, ਤਾਂ ਉਨ੍ਹਾਂ ਨੂੰ ਦੱਸੋ। ਉਹ ਤੁਹਾਨੂੰ ਹੋਰ ਆਰਾਮਦਾਇਕ ਬਣਾਉਣ ਲਈ ਤਬਦੀਲੀਆਂ ਕਰ ਸਕਦੇ ਹਨ।
ਉਹ ਤੁਹਾਡੀਆਂ ਅੰਤੜੀਆਂ ਵਿੱਚੋਂ ਪੌਲੀਪਸ ਨੂੰ ਕੱਢ ਸਕਦੇ ਹਨ ਜਾਂ ਮਾਈਕ੍ਰੋਸਕੋਪ ਦੇ ਹੇਠਾਂ ਨੇੜੇ ਤੋਂ ਦੇਖਣ ਲਈ ਸਰੀਰ ਦੇ ਟਿਸ਼ੂ ਦਾ ਇੱਕ ਛੋਟਾ ਜਿਹਾ ਨਮੂਨਾ ਲੈ ਸਕਦੇ ਹਨ। ਇਸ ਨੂੰ ਬਾਇਓਪਸੀ ਕਿਹਾ ਜਾਂਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਤੁਹਾਨੂੰ ਕੁਝ ਵੀ ਮਹਿਸੂਸ ਨਹੀਂ ਹੋਵੇਗਾ ਕਿਉਂਕਿ ਤੁਹਾਡੀਆਂ ਅੰਤੜੀਆਂ ਵਿੱਚ ਕੋਈ ਨਸਾਂ ਨਹੀਂ ਹੁੰਦੀਆਂ।
6. ਤੁਹਾਡੀ ਕੋਲੋਨੋਸਕੋਪੀ ਤੋਂ ਬਾਅਦ
ਤੁਸੀਂ ਆਰਾਮ ਕਰਨ ਲਈ ਇੱਕ ਰਿਕਵਰੀ ਖੇਤਰ ਵਿੱਚ ਜਾਓਗੇ। ਜਦੋਂ ਤੱਕ ਤੁਸੀਂ ਘਰ ਜਾਣ ਲਈ ਤਿਆਰ ਨਹੀਂ ਹੋ ਜਾਂਦੇ ਉਦੋਂ ਤੱਕ ਨਰਸਾਂ ਤੁਹਾਡੀ ਨਿਗਰਾਨੀ ਕਰਨਗੀਆਂ । ਜੇਕਰ ਕੋਲੋਨੋਸਕੋਪਿਸਟ ਨੇ ਕੋਈ ਪੋਲਿਪ ਕੱਢਿਆ ਸੀ ਹੈ ਜਾਂ ਬਾਇਓਪਸੀ ਲਈ ਸੀ ਤਾਂ ਤੁਹਾਨੂੰ ਇਸ ਬਾਰੇ ਦੱਸਿਆ ਜਾਵੇਗਾ।
ਤੁਹਾਨੂੰ ਇਨ੍ਹਾਂ ਦੀ ਲੋੜ ਹੋ ਸਕਦੀ ਹੈ:
-
ਤੁਹਾਨੂੰ ਘਰ ਲੈ ਕੇ ਜਾਣ ਲਈ ਕਿਸੇ ਵਿਅਕਤੀ ਦੀ, ਕਿਉਂਕਿ ਨਿੰਦਰਾਏ ਹੋ ਸਕਦੇ ਹੋ, ਖਾਸ ਤੌਰ ’ਤੇ ਜੇਕਰ ਤੁਸੀਂ ਸ਼ਾਂਤਕਾਰੀ ਦਵਾਈ ਲਈ ਹੈ।
-
ਆਰਾਮ ਕਰਨ ਲਈ, ਤੁਸੀਂ ਕੰਮ ਤੋਂ ਜਾਂ ਹੋਰ ਜ਼ਿੰਮੇਵਾਰੀਆਂ ਤੋਂ ਛੁੱਟੀ ਲੈਣ ਦੇ ਇੱਛੁਕ ਹੋ ਸਕਦੇ ਹੋ।
ਕੋਲੋਨੋਸਕੋਪੀ ਤੋਂ ਬਾਅਦ ਤੁਹਾਨੂੰ ਅਫਾਰਾਪਣ ਮਹਿਸੂਸ ਹੋ ਸਕਦਾ ਹੈ ਜਾਂ ਪੇਟ ਵਿੱਚ ਕੜਵੱਲ ਪੈ ਸਕਦੇ ਹਨ। ਇਹ ਆਮ ਤੌਰ ’ਤੇ 2 ਤੋਂ 3 ਘੰਟੇ ਰਹਿੰਦੇ ਹਨ।
ਜੇਕਰ ਤੁਸੀਂ ਸ਼ਾਂਤਕਾਰੀ ਦਵਾਈ ਲਈ ਹੈ ਤਾਂ:
-
ਘੱਟੋ-ਘੱਟ 12 ਘੰਟਿਆਂ ਤੱਕ ਤੁਹਾਡੇ ਨਾਲ ਰਹਿਣ ਲਈ ਇੱਕ ਜ਼ਿੰਮੇਵਾਰ ਬਾਲਗ ਹੋਣਾ ਚਾਹੀਦਾ ਹੈ
-
ਤੁਹਾਨੂੰ 24 ਘੰਟਿਆਂ ਲਈ ਡ੍ਰਾਈਵਿੰਗ ਨਹੀਂ ਕਰਨੀ ਚਾਹੀਦੀ, ਸ਼ਰਾਬ ਨਹੀਂ ਪੀਣੀ ਚਾਹੀਦੀ ਜਾਂ ਮਸ਼ੀਨਰੀ ਨਹੀਂ ਚਲਾਉਣੀ ਚਾਹੀਦੀ।
ਕੁਝ ਕੁ ਦਿਨਾਂ ਲਈ ਤੁਹਾਡੀ ਟੱਟੀ ਵਿੱਚੋਂ ਕੁਝ ਖੂਨ ਆ ਸਕਦਾ ਹੈ ਜਾਂ ਤੁਹਾਡੇ ਹੇਠਲੇ ਹਿੱਸੇ ਤੋਂ ਕੁਝ ਖੂਨ ਵਹਿ ਸਕਦਾ ਹੈ। ਇਹ ਆਮ ਗੱਲਾਂ ਆਮ ਹੁੰਦੀਆਂ ਹਨ। ਜੇਕਰ ਤੁਹਾਡੇ ਲੱਛਣ 2 ਦਿਨਾਂ ਤੋਂ ਬਾਅਦ ਵੀ ਠੀਕ ਨਹੀਂ ਹੁੰਦੇ, ਤਾਂ ਤੁਹਾਨੂੰ ਆਪਣੇ ਜੀ.ਪੀ. ਨੂੰ ਦਿਖਾਉਣਾ ਚਾਹੀਦਾ ਹੈ।
ਜੇਕਰ ਤੁਹਾਡੇ ਨਾਲ ਇਨ੍ਹਾਂ ਵਿੱਚੋਂ ਕੁਝ ਹੁੰਦਾ ਹੈ ਤਾਂ 111 ’ਤੇ ਜਾਂ ਉਸ ਹਸਪਤਾਲ ਨੂੰ ਫ਼ੋਨ ਕਾਲ ਕਰੋ ਜਿੱਥੋਂ ਤੁਸੀਂ ਕੋਲੋਨੋਸਕੋਪੀ ਕਰਵਾਈ ਸੀ:
-
ਤੁਹਾਡੇ ਪਿੱਛੋਂ ਬਹੁਤ ਜ਼ਿਆਦਾ ਖੂਨ ਵਗਣਾ
-
ਖੂਨ ਦਾ ਇਸ ਤਰ੍ਹਾਂ ਵਗਣਾ ਜੋ ਠੀਕ ਨਹੀਂ ਹੁੰਦਾ ਜਾਂ ਹੋਰ ਵਿਗੜ ਜਾਂਦਾ ਹੈ
-
ਪੇਟ ਵਿੱਚ ਬਹੁਤ ਜ਼ਿਆਦਾ ਦਰਦ ਜਾਂ ਅਜਿਹਾ ਦਰਦ ਜੋ ਵਿਗੜ ਜਾਂਦਾ ਹੈ
-
ਜ਼ਿਆਦਾ ਤਾਪਮਾਨ ਜਾਂ ਤੁਸੀਂ ਤਪਿਸ਼ ਜਾਂ ਕਾਂਬਾ ਮਹਿਸੂਸ ਕਰਦੇ ਹੋ।
7. ਕੋਲੋਨੋਸਕੋਪੀ ਦੇ ਸੰਭਾਵੀ ਜੋਖਮ
ਬਹੁਤ ਹੀ ਘੱਟ ਮੌਕਿਆਂ ਵਿੱਚ ਅਜਿਹਾ ਹੋ ਸਕਦਾ ਹੈ ਕਿ ਕੋਲੋਨੋਸਕੋਪੀ ਕੈਂਸਰ ਬਾਰੇ ਜਾਂ ਕਿਸੇ ਪੌਲਿਪ ਬਾਰੇ ਪਤਾ ਲਗਾਉਣ ਨੂੰ ਖੁੰਝਾ ਦੇਵੇ ਜੋ ਬਾਅਦ ਵਿੱਚ ਕੈਂਸਰ ਵਿੱਚ ਤਬਦੀਲ ਹੋ ਸਕਦਾ ਹੈ। ਅਜਿਹਾ ਹੋਣ ਦੀ ਜ਼ਿਆਦਾ ਸੰਭਾਵਨਾ ਹੈ ਜੇਕਰ:
-
ਜੇਕਰ ਤੁਹਾਡੀਆਂ ਅੰਤੜੀਆਂ ਪੂਰੀ ਤਰ੍ਹਾਂ ਸਾਫ਼ ਨਹੀਂ ਹੁੰਦੀਆਂ
-
ਤੁਹਾਡੀਆਂ ਅੰਤੜੀਆਂ ਦੇ ਆਸ-ਪਾਸ ਕੈਮਰਾ ਲੈ ਕੇ ਜਾਣਾ ਮੁਸ਼ਕਿਲ ਹੁੰਦਾ ਹੈ।
ਜੇਕਰ ਤੁਹਾਨੂੰ ਅੰਤੜੀ ਦੇ ਕੈਂਸਰ ਦੇ ਲੱਛਣ ਹਨ ਤਾਂ ਆਪਣੇ ਜੀ.ਪੀ. ਨੂੰ ਮਿਲੋ। ਭਾਵੇਂ ਤੁਸੀਂ ਹਾਲ ਹੀ ਵਿੱਚ ਆਪਣੀ ਅੰਤੜੀ ਦੇ ਕੈਂਸਰ ਦੀ ਸਕ੍ਰੀਨਿੰਗ ਕਰਵਾਈ ਹੈ ਤਾਂ ਵੀ ਅਜਿਹਾ ਕਰਨਾ ਮਹੱਤਵਪੂਰਨ ਹੁੰਦਾ ਹੈ। GOV.UK ‘ਤੇ ਅੰਤੜੀ ਦੇ ਕੈਂਸਰ ਦੇ ਲੱਛਣਾਂ ਬਾਰੇ ਹੋਰ ਪੜ੍ਹੋ।
ਬਹੁਤ ਘੱਟ ਮੌਕਿਆਂ ’ਤੇ ਕੋਲੋਨੋਸਕੋਪੀ ਦੌਰਾਨ ਉਲਝਣਾਂ ਹੋ ਸਕਦੀਆਂ ਹਨ ਜੇਕਰ:
-
ਤੁਹਾਨੂੰ ਸ਼ਾਂਤਕਾਰੀ ਦਵਾਈ ਤੋਂ ਪ੍ਰਤੀਕਿਰਿਆ ਹੁੰਦੀ ਹੈ
-
ਤੁਹਾਨੂੰ ਕੋਲੋਨੋਸਕੋਪੀ ਤੋਂ ਬਾਅਦ ਬਹੁਤ ਜ਼ਿਆਦਾ ਖੂਨ ਵਗਦਾ ਹੈ।
-
ਤੁਹਾਡੀਆਂ ਅੰਤੜੀਆਂ ਵਿੱਚ ਛੇਦ (ਛੋਟਾ ਜਿਹਾ ਪਾੜ ਜਾਂ ਬਹੁਤ ਛੋਟਾ ਸੂਰਾਖ਼) ਹੁੰਦਾ ਹੈ।
ਕੋਲੋਨੋਸਕੋਪੀ ਕਰਵਾਉਣ ਵਾਲੇ ਹਰੇਕ 2500 ਵਿਅਕਤੀਆਂ ਵਿੱਚੋਂ ਲਗਭਗ 1 ਵਿਅਕਤੀ ਨੂੰ ਖੂਨ ਚੜ੍ਹਵਾਉਣ ਦੀ ਲੋੜ ਹੁੰਦੀ ਹੈ
ਹਰੇਕ 1700 ਵਿਅਕਤੀਆਂ ਵਿੱਚੋਂ ਲਗਭਗ 1 ਦੀ ਅੰਤੜੀ ਵਿੱਚ ਛੇਦ ਹੁੰਦਾ ਹੈ ਜੇਕਰ ਅਜਿਹਾ ਹੁੰਦਾ ਹੈ, ਤਾਂ ਤੁਹਾਨੂੰ ਇਸ ਨੂੰ ਠੀਕ ਕਰਵਾਉਣ ਲਈ ਸਰਜਰੀ ਦੀ ਲੋੜ ਹੋ ਸਕਦੀ ਹੈ। ਇਹ ਛੇਦ ਦੇ ਆਕਾਰ ਅਤੇ ਸਥਿਤੀ ’ਤੇ ਨਿਰਭਰ ਕਰੇਗਾ। ਕਈਆਂ ਨੂੰ ਕਿਸੇ ਸਰਜਰੀ ਦੀ ਲੋੜ ਨਹੀਂ ਹੁੰਦੀ।
ਬਹੁਤ ਘੱਟ ਮੌਕਿਆਂ ’ਤੇ ਕੋਲੋਨੋਸਕੋਪੀ ਤੋਂ ਬਾਅਦ ਵਾਲੀਆਂ ਉਲਝਣਾਂ ਕਰਕੇ ਮੌਤ ਹੋ ਸਕਦੀ ਹੈ। ਕੋਲੋਨੋਸਕੋਪਿਸਟ ਕਾਫੀ ਜ਼ਿਆਦਾ ਸਿਖਲਾਈ-ਪ੍ਰਾਪਤ ਹੁੰਦੇ ਹਨ ਅਤੇ ਇਸ ਗੱਲ ਦੀ ਬਹੁਤ ਘੱਟ ਸੰਭਾਵਨਾ ਹੁੰਦੀ ਹੈ।
ਇਹ ਅੰਕੜੇ ਆਮ ਲੋਕਾਂ ਲਈ ਸਿਰਫ਼ ਸੇਧ ਦੇਣ ਲਈ ਹਨ। ਮਾਹਰ ਸਕ੍ਰੀਨਿੰਗ ਪੈਕਟੀਸ਼ਨਰ ਤੁਹਾਨੂੰ ਤੁਹਾਡੇ ਨਿੱਜੀ ਜੋਖਮ ਬਾਰੇ ਸਲਾਹ ਦੇਵੇਗਾ। ਇਹ ਤੁਹਾਡੀ ਉਮਰ ਅਤੇ ਸਿਹਤ ’ਤੇ ਅਧਾਰਤ ਹੋਵੇਗਾ।
8. ਕੋਲੋਨੋਸਕੋਪੀ ਦੇ ਨਤੀਜੇ
ਤੁਹਾਨੂੰ ਆਪਣੇ ਨਤੀਜੇ ਉਸੇ ਦਿਨ ਮਿਲ ਸਕਦੇ ਹਨ, ਜਾਂ ਇਨ੍ਹਾਂ ਨੂੰ ਕੁਝ ਹਫ਼ਤੇ ਲੱਗ ਸਕਦੇ ਹਨ। ਅਸੀਂ ਤੁਹਾਡੇ ਜੀ.ਪੀ. ਨੂੰ ਵੀ ਤੁਹਾਡੇ ਨਤੀਜਿਆਂ ਦੀ ਇੱਕ ਕਾਪੀ ਭੇਜਦੇ ਹਾਂ
4 ਮੁੱਖ ਨਤੀਜੇ ਹੁੰਦੇ ਹਨ:
-
ਠੀਕ ਨਤੀਜੇ
-
ਪੌਲਿਪਸ ਲੱਭੇ ਗਏ – ਕੋਈ ਹੋਰ ਨਿਰੀਖਣ ਦੀ ਲੋੜ ਨਹੀਂ
-
ਪੌਲਿਸਪ ਲੱਭੇ ਗਏ – ਹੋਰ ਨਿਰੀਖਣ ਦੀ ਲੋੜ ਹੈ
-
ਅੰਤੜੀ ਦਾ ਕੈਂਸਰ।
ਕਈ ਵਾਰ ਸਾਨੂੰ ਅੰਤੜੀਆਂ ਦੀਆਂ ਹੋਰ ਸਮੱਸਿਆਵਾਂ ਬਾਰੇ ਪਤਾ ਲੱਗਦਾ ਹੈ। ਇੱਕੋ ਕੋਲੋਨੋਸਕੋਪੀ ਵਿੱਚ ਪੌਲਿਪਸ ਜਾਂ ਅੰਤੜੀ ਦੇ ਕੈਂਸਰ ਅਤੇ ਅੰਤੜੀਆਂ ਦੀਆਂ ਹੋਰਨਾਂ ਸਮੱਸਿਆਵਾਂ ਬਾਰੇ ਪਤਾ ਲੱਗਣਾ ਸੰਭਵ ਹੈ।
8.1 ਠੀਕ ਨਤੀਜੇ
100 ਵਚੋਂ ਤਕਰੀਬਨ 11 ਲੋਕਾਂ ਨੂੰ ਇਹ ਨਤੀਜਾ ਮਿਲਦਾ ਹੈ।
ਇਸ ਦਾ ਅਰਥ ਹੈ ਸਾਨੂੰ:
-
ਕੋਈ ਪੌਲਿਪ ਨਹੀਂ ਮਿਲਿਆ ਅਤੇ
-
ਅੰਤੜੀ ਦੀਆਂ ਹੋਰਨਾਂ ਸਿਹਤ-ਸਮੱਸਿਆਵਾਂ ਦੇ ਕੋਈ ਲੱਛਣ ਨਹੀਂ ਹਨ।
ਜੇਕਰ ਤੁਹਾਡੀ ਉਮਰ 75 ਸਾਲ ਤੋਂ ਘੱਟ ਰਹਿੰਦੀ ਹੈ ਤਾਂ ਅਸੀਂ 2 ਸਾਲ ਬਾਅਦ ਤੁਹਾਨੂੰ ਇੱਕ ਵਾਰ ਫੇਰ ਤੋਂ ਅੰਤੜੀ ਦੇ ਕੈਂਸਰ ਦੀ ਸਕ੍ਰੀਨਿੰਗ ਦੀ ਪੇਸ਼ਕਸ਼ ਕਰਾਂਗੇ।
8.2 ਪੌਲਿਪਸ ਲੱਭੇ ਗਏ – ਕੋਈ ਹੋਰ ਨਿਰੀਖਣ ਦੀ ਲੋੜ ਨਹੀਂ
100 ਵਿਅਕਤੀਆਂ ਵਿੱਚੋਂ ਲਗਭਗ 50 (ਅੱਧੇ) ਲੋਕਾਂ ਨੂੰ ਇਹ ਨਤੀਜਾ ਮਿਲਦਾ ਹੈ।
ਇਸ ਦਾ ਅਰਥ ਹੈ ਅਸੀਂ:
-
ਤੁਹਾਡੀ ਕੋਲੋਨੋਸਕੋਪੀ ਦੌਰਾਨ ਪੌਲਿਪਸ ਕੱਢ ਦਿੱਤੇ ਸਨ, ਜਾਂ
-
ਜਾਂਚ ਕਰਨ ਲਈ ਤੁਹਾਡੀ ਅੰਤੜੀ ਤੋਂ ਸੈੱਲਾਂ ਦਾ ਨਮੂਨਾ (ਬਾਇਓਪਸੀ) ਲਿਆ ਹੈ।
ਤੁਹਾਡੇ ਨਮੂਨੇ ਦੀ ਜਾਂਚ ਕਰਨ ਤੋਂ ਬਾਅਦ, ਤੁਹਾਨੂੰ ਹੋਰ ਇਲਾਜ ਜਾਂ ਮੁਆਇਨੇ ਵਾਲੀਆਂ ਕੋਲੋਨੋਸਕੋਪੀਆਂ ਦੀ ਲੋੜ ਨਹੀਂ ਹੋ ਸਕਦੀ।
ਜੇਕਰ ਤੁਹਾਡੀ ਉਮਰ 75 ਸਾਲ ਤੋਂ ਘੱਟ ਰਹਿੰਦੀ ਹੈ ਤਾਂ ਅਸੀਂ 2 ਸਾਲ ਬਾਅਦ ਤੁਹਾਨੂੰ ਇੱਕ ਵਾਰ ਫੇਰ ਤੋਂ ਅੰਤੜੀ ਦੇ ਕੈਂਸਰ ਦੀ ਸਕ੍ਰੀਨਿੰਗ ਦੀ ਪੇਸ਼ਕਸ਼ ਕਰਾਂਗੇ।
8.3 ਪੌਲਿਸਪ ਲੱਭੇ ਗਏ – ਹੋਰ ਨਿਰੀਖਣ ਦੀ ਲੋੜ ਹੈ
100 ਵਚੋਂ ਤਕਰੀਬਨ 11 ਲੋਕਾਂ ਨੂੰ ਇਹ ਨਤੀਜਾ ਮਿਲਦਾ ਹੈ।
ਇਸ ਅਰਥ ਹੈ ਕਿ ਸਾਨੂੰ ਪੌਲਿਪ ਦੀ ਬਹੁਤ ਜ਼ਿਆਦਾ ਖ਼ਤਰਨਾਕ ਕਿਸਮ ਮਿਲੀ ਹੈ ਇਨ੍ਹਾਂ ਦੇ ਅੰਤੜੀ ਦੇ ਕੈਂਸਰ ਵਿੱਚ ਤਬਦੀਲ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ
ਕਈ ਵਾਰੀ ਕੋਲੋਨੋਸਕੋਪੀ ਦੌਰਾਨ ਪੌਲਿਪਸ ਨੂੰ ਕੱਢਣਾ ਬਹੁਤ ਮੁਸ਼ਕਿਲ ਹੁੰਦਾ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਤੁਹਾਨੂੰ ਇੱਕ ਹੋਰ ਮਾਹਰਾਨਾ ਕੋਲੋਨੋਸਕੋਪੀ ਜਾਂ ਸਰਜਰੀ ਦੀ ਲੋੜ ਹੋ ਸਕਦੀ ਹੈ।
ਅਸੀਂ ਫੇਰ ਭਵਿੱਖ ਵਿੱਚ ਤੁਹਾਨੂੰ ਜ਼ਿਆਦਾ ਨਿਯਮਿਤ ਕੋਲੋਨੋਸਕੋਪੀਆਂ ਦੀ ਪੇਸ਼ਕਸ਼ ਕਰਾਂਗੇ। ਇਹ ਤੁਹਾਡੀ ਅੰਤੜੀ ਦੀ ਸਿਹਤ ਅਤੇ ਇਹ ਦੇਖਣ ਲਈ ਹੈ ਕਿ ਕੀ ਤੁਹਾਡੇ ਨਵੇਂ ਪੌਲਿਪਸ ਤਾਂ ਨਹੀਂ ਬਣੇ ।
8.4 ਅੰਤੜੀ ਦਾ ਕੈਂਸਰ
100 ਵਚੋਂ ਤਕਰੀਬਨ 7 ਤੋਂ 10 ਲੋਕਾਂ ਨੂੰ ਇਹ ਨਤੀਜਾ ਮਿਲਦਾ ਹੈ।
ਜੇਕਰ ਸਾਨੂੰ ਅੰਤੜੀ ਦੇ ਕੈਂਸਰ ਹੋਣ ਬਾਰੇ ਪਤਾ ਲੱਗਦਾ ਹੈ, ਤਾਂ ਤੁਸੀਂ ਇਲਾਜ ਦੇ ਵਿਕਲਪਾਂ ਅਤੇ ਸਹਾਇਤਾ ਬਾਰੇ ਚਰਚਾ ਕਰਨ ਲਈ ਕੈਂਸਰ ਦੇ ਮਾਹਰ-ਡਾਕਟਰ ਨੂੰ ਮਿਲੋਗੇ।
ਅੰਤੜੀ ਦੇ ਕੈਂਸਰ ਤੋਂ ਪ੍ਰਭਾਵਿਤ ਜ਼ਿਆਦਾ ਲੋਕਾਂ (10 ਵਿੱਚੋਂ ਲਗਭਗ 9) ਦਾ ਸ਼ੁਰੂਆਤੀ ਪੜਾਅ ’ਤੇ ਸਫ਼ਲ ਇਲਾਜ ਹੁੰਦਾ ਹੈ।
ਜੇਕਰ ਤੁਹਾਡਾ ਅੱਗੇ ਤੱਕ ਫੈਲਿਆ ਅੰਤੜੀ ਦਾ ਕੈਂਸਰ ਹੈ, ਤਾਂ ਇਸ ਦਾ ਇਲਾਜ ਮੁਸ਼ਕਿਲ ਹੋ ਸਕਦਾ ਹੈ ਅਤੇ ਇਸ ਨੂੰ ਠੀਕ ਕਰਨਾ ਸੰਭਵ ਨਹੀਂ ਹੈ।
8.5 ਅੰਤੜੀ ਸਬੰਧੀ ਹੋਰ ਸਿਹਤ-ਸਮੱਸਿਆਵਾਂ
ਕਈ ਵਾਰੀ ਕੋਲੋਨੋਸਕੋਪੀ ਵਿੱਚ ਕੋਈ ਪੌਲਿਪਸ ਜਾਂ ਅੰਤੜੀ ਦੇ ਕੈਂਸਰ ਬਾਰੇ ਤਾਂ ਪਤਾ ਨਹੀਂ ਲੱਗਦਾ ਪਰ ਸਾਨੂੰ ਅੰਤੜੀ ਦੀਆਂ ਹੋਰ ਸਮੱਸਿਆਵਾਂ ਬਾਰੇ ਪਤਾ ਲੱਗਦਾ ਹੈ ਜਿਵੇਂ ਕਿ:
100 ਵਿੱਚ ਤਕਰੀਬਨ 18 ਲੋਕਾਂ ਨੂੰ ਇਹ ਨਤੀਜਾ ਮਿਲਦਾ ਹੈ।
ਤੁਸੀਂ NHS.UK ’ਤੇ ਇਨ੍ਹਾਂ ਸਿਹਤ-ਸਮੱਸਿਆਵਾਂ ਬਾਰੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ। ਜੇਕਰ ਸਾਨੂੰ ਅੰਤੜੀ ਦੀਆਂ ਹੋਰਨਾਂ ਸਿਹਤ-ਸਮੱਸਿਆਵਾਂ ਦੇ ਲੱਛਣ ਦਿਖਾਈ ਦਿੰਦੇ ਹਨ, ਤਾਂ ਤੁਹਾਡਾ ਜੀ.ਪੀ. ਇਸ ਦੇ ਅਰਥ ਅਤੇ ਅਗਲੇ ਕਦਮਾਂ ਬਾਰੇ ਤੁਹਾਨੂੰ ਦੱਸੇਗਾ। ਤੁਹਾਨੂੰ ਅੰਤੜੀ ਦੇ ਕੈਂਸਰ ਦੀ ਸਕ੍ਰੀਨਿੰਗ ਪ੍ਰੋਗਰਾਮ ਤੋਂ ਬਗੈਰ ਇਲਾਜ ਜਾਂ ਨਿਗਰਾਨੀ ਦੀ ਲੋੜ ਹੋ ਸਕਦੀ ਹੈ।
ਚਿੱਤਰ ਕੋਲੋਨੋਸਕੋਪੀ ਕਰਵਾਉਣ ਵਾਲੇ ਹਰੇਕ 100 ਵਿਅਕਤੀਆਂ ਦੇ ਨਤੀਜਿਆਂ ਨੂੰ ਦਿਖਾਉਂਦਾ ਹੈ
9. ਹੋਰ ਜਾਣਕਾਰੀ ਅਤੇ ਸਹਾਇਤਾ
ਕੋਲੋਨੋਸਕੋਪੀ ਕਰਵਾਉਣ ਬਾਰੇ ਸਲਾਹ ਲਈ, ਤੁਸੀਂ ਸਾਡੀ ਮੁਫ਼ਤ ਹੈਲਪਲਾਈਨ ਨੂੰ 0800 707 60 60** ਤੇ ਕਾਲ ਕਰ ਸਕਦੇ ਹੋ ਜੇਕਰ ਤੁਹਾਨੂੰ ਸੁਣਨ ਜਾਂ ਬੋਲਣ ਵਿਚ ਮੁਸ਼ਕਲਾਂ ਹਨ, ਤਾਂ ਤੁਸੀਂ ਸਾਨੂੰ ਸੰਪਰਕ ਕਰਨ ਲਈ ਰਿਲੇ ਯੂਕੇ (Relay UK) ਸੇਵਾ ਨੂੰ ਵਰਤ ਸਕਦੇ ਹੋ। ਆਪਣੇ ਟੈਕਸਟਫੋਨ ਤੋਂ ਜਾਂ Relay UK app ਤੋਂ 18001 ’ਤੇ ਫੇਰ 0800 707 60 60 ’ਤੇ ਡਾਇਲ ਕਰੋ
ਇਹ ਜਾਣਕਾਰੀ ਵਿਕਲਪਿਕ ਫਾਰਮੈਟ ਵਿੱਚ ਉਪਲਬਧ ਹੈ, ਜਿਸ ਵਿਚ ਸ਼ਾਮਲ ਹਨ ਅਸਾਨ ਪੜ੍ਹਤ ਅਤੇ ਹੋਰ ਭਾਸ਼ਾਵਾਂ। ਕਿਸੇ ਹੋਰ ਫਾਰਮੈਟ ਵਾਸਤੇ ਬੇਨਤੀ ਕਰਨ ਲਈ, ਤੁਸੀਂ 0300 311 22 33 ’ਤੇ ਫ਼ੋਨ ਕਰ ਸਕਦੇ ਹੋ ਜਾਂ england.contactus@nhs.net ’ਤੇ ਈਮੇਲ ਕਰ ਸਕਦੇ ਹੋ।
ਤੁਸੀਂ :
-
ਆਪਣੇ ਜੀ.ਪੀ. ਦੇ ਨਾਲ ਗੱਲ ਕਰ ਸਕਦੇ ਹੋ
-
NHS.UK ‘ਤੇ ਅੰਤੜੀਆਂ ਦੇ ਕੈਂਸਰ ਦੀ ਜਾਂਚ ਬਾਰੇ ਹੋਰ ਜਾਣਕਾਰੀ ਬਾਰੇ ਪਤਾ ਲਗਾ ਸਕਦੇ ਹੋ
-
ਇਸ ਨੂੰ ਪੜੋ ਟ੍ਰਾਂਸਜੈਂਡਰ ਅਤੇ ਗੈਰ-ਬਾਇਨਰੀ ਲੋਕਾਂ ਲਈ NHS ਸਕ੍ਰੀਨਿੰਗ ਪ੍ਰੋਗ੍ਰਾਮਸ ਬਾਰੇ ਜਾਣਕਾਰੀ।
ਜੇਕਰ ਤੁਸੀਂ 75 ਸਾਲ ਜਾਂ ਵਧ ਦੀ ਉਮਰ ਦੇ ਹੋ, ਤੁਸੀਂ ਫਿਰ ਵੀ ਅੰਤੜੀ ਦੇ ਕੈਂਸਰ ਦੀ ਸਕ੍ਰੀਨਿੰਗ ਵਿਚ ਹਰ 2 ਸਾਲ ਬਾਅਦ ਹਿੱਸਾ ਲੈ ਸਕਦੇ ਹੋ, ਪਰ ਤੁਹਾਨੂੰ ਸੱਦਾ ਨਹੀਂ ਦਿੱਤਾ ਜਾਵੇਗਾ। ਤੁਸੀਂ ਹੈਲਪਲਾਈਨ ਨੂੰ 0800 707 60 60 ’ਤੇ ਫ਼ੋਨ ਕਰ ਸਕਦੇ ਹੋ ਅਤੇ ਘਰੇਲੂ ਟੈਸਟ ਕਿੱਟ ਲਈ ਬੇਨਤੀ ਕਰ ਸਕਦੇ ਹੋ।
ਅਸੀਂ ਨਿਜੀ ਜਾਣਕਾਰੀ ਨੂੰ ਤੁਹਾਡੇ NHS ਰਿਕਾਰਡਾਂ ਤੋਂ ਵਰਤਦੇ ਹਾਂ ਜਿਸ ਨਾਲ ਸਹੀ ਸਮੇਂ ਤੇ ਸਕ੍ਰੀਨਿੰਗ ਲਈ ਸੱਦਾ ਦਿੱਤਾ ਜਾ ਸਕੇ। ਇਸ ਜਾਣਕਾਰੀ ਨਾਲ ਸਾਨੂੰ ਸਕ੍ਰੀਨਿੰਗ ਪ੍ਰੋਗ੍ਰਾਮਾਂ ਵਿਚ ਸੁਧਾਰ ਕਰਨ ਅਤੇ ਗੁਣਵਤਾ ਵਾਲੀ ਦੇਖ-ਭਾਲ ਪੇਸ਼ ਕਰਨ ਵਿਚ ਮਦਦ ਮਿਲਦੀ ਹੈ। ਇਸ ਬਾਰੇ ਹੋਰ ਪੜ੍ਹੋ ਕਿ ਅਸੀਂ ਤੁਹਾਡੀ ਜਾਣਕਾਰੀ ਦੀ ਵਰਤੋਂ ਅਤੇ ਸੁਰੱਖਿਆ ਕਿਵੇਂ ਕਰਦੇ ਹਾਂ।
ਇਸ ਬਾਰੇ ਪਤਾ ਲਗਾਓ ਕਿ ਸਕ੍ਰੀਨਿੰਗ ਵਿੱਚ ਭਾਗ ਨਾ ਲੈਣ ਦੀ ਚੋਣ ਕਿਵੇਂ ਕਰਨੀ ਹੈ।