ਡਾਇਬੀਟੀਜ਼ ਦੇ ਅੱਖਾਂ ਉੱਪਰ ਪ੍ਰਭਾਵ ਦੀ ਜਾਂਚ ਲਈ ਤੁਹਾਡੀ ਗਾਈਡ (Punjabi)
ਅੱਪਡੇਟ ਕੀਤਾ 3 ਮਾਰਚ 2025
Applies to England
ਤੁਸੀਂ ਇਹ ਚੋਣ ਕਰ ਸਕਦੇ ਹੋ ਕਿ ਕੀ ਤੁਸੀਂ ਡਾਇਬਟਿਕ ਆਈ ਸਕ੍ਰੀਨਿੰਗ ਵਿੱਚ ਹਿੱਸਾ ਲੈਣਾ ਹੈ। ਇਸ ਪਰਚੇ ਦਾ ਉਦੇਸ਼ ਤੁਹਾਡੀ ਫ਼ੈਸਲਾ ਲੈਣ ਵਿੱਚ ਮਦਦ ਕਰਨਾ ਹੈ
NHS ਡਾਇਬਟਿਕ ਆਈ ਸਕ੍ਰੀਨਿੰਗ ਦੀ ਪੇਸ਼ਕਸ਼ ਕਿਉਂ ਕਰਦੀ ਹੈ
ਡਾਇਬਟਿਕ ਆਈ ਸਕ੍ਰੀਨਿੰਗ ਤੁਹਾਡੀ ਡਾਇਬੀਟੀਜ਼ ਦੀ ਦੇਖਭਾਲ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਅਸੀਂ ਸਕ੍ਰੀਨਿੰਗ ਦੀ ਪੇਸ਼ਕਸ਼ ਇਸ ਲਈ ਕਰਦੇ ਹਾਂ ਕਿਉਂਕਿ ਇਹ ਨਿਗ੍ਹਾ ਦੇ ਨੁਕਸਾਨ ਨੂੰ ਰੋਕਣ ਵਿੱਚ ਮਦਦ ਕਰਦੀ ਹੈ।
ਡਾਇਬਟੀਜ਼ ਤੋਂ ਪੀੜਤ ਵਿਅਕਤੀ ਹੋਣ ਕਰਕੇ, ਤੁਹਾਡੀਆਂ ਅੱਖਾਂ ਨੂੰ ਡਾਇਬਟਿਕ ਰੈਟੀਨੋਪੈਥੀਨਾਮਕ ਸਿਹਤ-ਸਮੱਸਿਆ ਤੋਂ ਨੁਕਸਾਨ ਹੋਣ ਦਾ ਖ਼ਤਰਾ ਹੁੰਦਾ ਹੈ। ਤੁਹਾਡੇ ਵੱਲੋਂ ਆਪਣੀ ਨਿਗ੍ਹਾ ਵਿੱਚ ਕੋਈ ਵੀ ਤਬਦੀਲੀਆਂ ਦੇਖਣ ਤੋਂ ਪਹਿਲਾਂ ਸਕ੍ਰੀਨਿੰਗ ਰੈਟੀਨੋਪੈਥੀ ਦਾ ਪਤਾ ਲਗਾ ਸਕਦੀ ਹੈ।
ਡਾਇਬਟਿਕ ਆਈ ਸਕ੍ਰੀਨਿੰਗ ਕਿਸੇ ਆਪਟੀਸ਼ੀਅਨ ਨਾਲ ਤੁਹਾਡੀਆਂ ਅੱਖਾਂ ਦੀ ਆਮ ਜਾਂਚ ਦਾ ਹਿੱਸਾ ਨਹੀਂ ਹੈ। ਸਕ੍ਰੀਨਿੰਗ ਅੱਖਾਂ ਦੀਆਂ ਹੋਰ ਸਿਹਤ-ਸਮੱਸਿਆਵਾਂ ਬਾਰੇ ਪਤਾ ਨਹੀਂ ਲਗਾਉਂਦੀ। ਤੁਹਾਨੂੰ ਅੱਖਾਂ ਦੇ ਨਿਯਮਿਤ ਮੁਆਇਨਿਆਂ ਲਈ ਵੀ ਆਪਣੇ ਆਪਟੀਸ਼ੀਅਨ ਕੋਲ ਜਾਣਾ ਜਾਰੀ ਰੱਖਣਾ ਚਾਹੀਦਾ ਹੈ।

ਡਿਜੀਟਲ ਫੋਟੋਗ੍ਰਾਫੀ ਦੀ ਵਰਤੋਂ ਕਰਦੇ ਹੋਏ ਡਾਇਬਟਿਕ ਆਈ ਸਕ੍ਰੀਨਿੰਗ
ਡਾਇਬਟਿਕ ਰੈਟੀਨੋਪੈਥੀ
ਡਾਇਬਟਿਕ ਰੈਟੀਨੋਪੈਥੀ ਉਦੋਂ ਹੁੰਦੀ ਹੈ ਜਦੋਂ ਹਾਈ ਬਲੱਡ ਸ਼ੂਗਰ ਲੈਵਲ ਅੱਖ ਦੇ ਪਿਛਲੇ ਹਿੱਸੇ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਹ ਰੈਟੀਨਾ ਵਿੱਚ ਖੂਨ ਦੀਆਂ ਨਾੜੀਆਂ ਦੇ ਰਿਸਾਵ ਜਾਂ ਬਲੌਕ ਹੋਣ ਦਾ ਕਾਰਨ ਬਣ ਸਕਦਾ ਹੈ।
ਬਗੈਰ ਇਲਾਜ ਵਾਲੀ ਡਾਇਬਟਿਕ ਰੈਟੀਨੋਪੈਥੀ ਕਾਰਨ ਨਿਗ੍ਹਾ ਦਾ ਨੁਕਸਾਨ ਹੋ ਸਕਦਾ ਹੈ। ਜਦੋਂ ਇਸ ਬਾਰੇ ਕਾਫੀ ਪਹਿਲਾਂ ਪਤਾ ਲੱਗ ਜਾਵੇ, ਤਾਂ ਇਲਾਜ ਤੁਹਾਡੀ ਨਿਗ੍ਹਾ ਦੇ ਨੁਕਸਾਨ ਨੂੰ ਘਟਾ ਜਾਂ ਰੋਕ ਸਕਦਾ ਹੈ
ਅਸੀਂ ਡਾਇਬਟਿਕ ਆਈ ਸਕ੍ਰੀਨਿੰਗ ਕਿਵੇਂ ਕਰਦੇ ਹਾਂ

ਸਕ੍ਰੀਨਿੰਗ ਟੈਸਟ ਤੋਂ ਪਹਿਲਾਂ ਅੱਖਾਂ ਦੀਆਂ ਬੂੰਦਾਂ ਦਾ ਪਾਇਆ ਜਾਣਾ
ਤੁਹਾਡੀ ਅਪੌਇੰਟਮੈਂਟ ਲਈ ਆਮ ਤੌਰ ‘ਤੇ ਲਗਭਗ 30 ਮਿੰਟ ਲੱਗਣਗੇ:
- ਅਸੀਂ ਤੁਹਾਨੂੰ ਚਾਰਟ ‘ਤੇ ਕੁਝ ਅੱਖਰ ਪੜ੍ਹਨ ਲਈ ਕਹਾਂਗੇ।
- ਅਸੀਂ ਤੁਹਾਡੀਆਂ ਅੱਖਾਂ ਵਿੱਚ ਬੂੰਦਾਂ ਪਾਵਾਂਗੇ। ਇਹ ਕੁਝ ਸਕਿੰਟਾਂ ਲਈ ਚੁਭ ਸਕਦੀਆਂ ਅਤੇ ਤੁਹਾਡੀ ਨਿਗ੍ਹਾ ਨੂੰ ਧੁੰਦਲਾ ਬਣਾ ਸਕਦੇ ਹਨ।
- ਜਦੋਂ ਬੂੰਦਾਂ ਕੰਮ ਕਰਨਾ ਸ਼ੁਰੂ ਕਰਦੀਆਂ ਹਨ, ਤਾਂ ਅਸੀਂ ਤੁਹਾਨੂੰ ਕੈਮਰੇ ਵਿੱਚ ਦੇਖਣ ਲਈ ਕਹਾਂਗੇ। ਕੈਮਰਾ ਤੁਹਾਡੀਆਂ ਅੱਖਾਂ ਨੂੰ ਨਹੀਂ ਛੂਹੇਗਾ।
- ਅਸੀਂ ਤੁਹਾਡੀਆਂ ਅੱਖਾਂ ਦੇ ਪਿਛਲੇ ਹਿੱਸੇ ਦੀਆਂ ਤਸਵੀਰਾਂ ਲਵਾਂਗੇ। ਇੱਕ ਚਮਕਦਾਰ ਫਲੈਸ਼ ਹੋਵੇਗੀ।
ਜਦੋਂ ਅਸੀਂ ਤੁਹਾਨੂੰ ਡਾਇਬਟਿਕ ਆਈ ਸਕ੍ਰੀਨਿੰਗ ਲਈ ਸੱਦਾ ਦਿੰਦੇ ਹਾਂ
ਅਸੀਂ 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਡਾਇਬਟੀਜ਼ ਵਾਲੇ ਹਰੇਕ ਵਿਅਕਤੀ ਨੂੰ ਡਾਇਬਟਿਕ ਆਈ ਸਕ੍ਰੀਨਿੰਗ ਲਈ ਸੱਦਾ ਦਿੰਦੇ ਹਾਂ।
ਅਸੀਂ ਤੁਹਾਨੂੰ ਕਿੰਨੀ ਵਾਰ ਸੱਦਾ ਦਿੰਦੇ ਹਾਂ ਇਹ ਤੁਹਾਡੀਆਂ ਪਿਛਲੀਆਂ 2 ਸਕ੍ਰੀਨਿੰਗ ਅਪੌਇੰਟਮੈਂਟਾਂ ਦੇ ਨਤੀਜਿਆਂ ‘ਤੇ ਨਿਰਭਰ ਕਰਦਾ ਹੈ। ਜੇਕਰ ਸਾਨੂੰ ਡਾਇਬਟਿਕ ਰੈਟੀਨੋਪੈਥੀ ਦੇ ਹੋਣ ਦਾ ਪਤਾ ਨਹੀਂ ਲੱਗਦਾ ਤਾਂ ਅਸੀਂ ਤੁਹਾਨੂੰ ਹਰ 1 ਜਾਂ 2 ਸਾਲਾਂ ਬਾਅਦ ਸਕ੍ਰੀਨਿੰਗ ਲਈ ਸੱਦਾ ਦੇਵਾਂਗੇ।
ਡਾਇਬਟਿਕ ਆਈ ਸਕ੍ਰੀਨਿੰਗ ਦੇ ਸੰਭਾਵੀ ਜੋਖਮ
ਕੋਈ ਵੀ ਸਕ੍ਰੀਨਿੰਗ ਟੈਸਟ 100% ਭਰੋਸੇਯੋਗ ਨਹੀਂ ਹੈ।
ਅੱਖਾਂ ਦੀਆਂ ਬੂੰਦਾਂ ਕੁਝ ਸਕਿੰਟਾਂ ਲਈ ਚੁਭ ਸਕਦੀਆਂ ਹਨ, ਪਰ ਸਕ੍ਰੀਨਿੰਗ ਦਰਦਨਾਕ ਨਹੀਂ ਹੈ ਅਤੇ ਉਪਕਰਣ ਤੁਹਾਡੀਆਂ ਅੱਖਾਂ ਨੂੰ ਨਹੀਂ ਛੂਹੇਗਾ।
ਟੈਸਟ ਤੋਂ ਬਾਅਦ 6 ਘੰਟਿਆਂ ਤੱਕ:
- ਤੁਹਾਡੀ ਨਜ਼ਰ ਧੁੰਦਲੀ ਹੋ ਸਕਦੀ ਹੈ - ਜਦੋਂ ਤੱਕ ਇਹ ਠੀਕ ਨਹੀਂ ਹੋ ਜਾਂਦੀ ਉਦੋਂ ਤੱਕ ਡ੍ਰਾਈਵਿੰਗ ਨਾ ਕਰੋ
- ਹਰ ਚੀਜ਼ ਬਹੁਤ ਚਮਕਦਾਰ ਦਿਖਾਈ ਦੇ ਸਕਦੀ ਹੈ - ਧੁੱਪ ਦੀਆਂ ਐਨਕਾਂ ਪਹਿਨਣ ਨਾਲ ਮਦਦ ਮਿਲ ਸਕਦੀ ਹੈ।
ਡਾਇਬਟਿਕ ਆਈ ਸਕ੍ਰੀਨਿੰਗ ਦੇ ਨਤੀਜੇ
ਇੱਕ ਕਲੀਨਿਕਲ ਮਾਹਰ ਤੁਹਾਡੀ ਸਕ੍ਰੀਨਿੰਗ ਤੋਂ ਬਾਅਦ ਤੁਹਾਡੀਆਂ ਅੱਖਾਂ ਦੀਆਂ ਤਸਵੀਰਾਂ ਦੀ ਜਾਂਚ ਕਰਦਾ ਹੈ।
ਅਸੀਂ 3 ਹਫ਼ਤਿਆਂ ਦੇ ਅੰਦਰ ਤੁਹਾਨੂੰ ਅਤੇ ਤੁਹਾਡੇ ਜੀ.ਪੀ. ਨੂੰ ਤੁਹਾਡੇ ਨਤੀਜੇ ਵਾਲੀ ਚਿੱਠੀ ਭੇਜਣ ਦੀ ਕੋਸ਼ਿਸ਼ ਕਰਦੇ ਹਾਂ।
ਜੇਕਰ ਸਾਨੂੰ ਕੋਈ ਸਪੱਸ਼ਟ ਨਤੀਜਾ ਨਹੀਂ ਮਿਲਦਾ, ਤਾਂ ਅਸੀਂ ਤੁਹਾਨੂੰ ਇੱਕ ਹੋਰ ਮੁਲਾਂਕਣ ਲਈ ਵਾਪਸ ਬੁਲਾ ਸਕਦੇ ਹਾਂ। ਤੁਹਾਡੀਆਂ ਅੱਖਾਂ ਦੇ ਪਿਛਲੇ ਹਿੱਸੇ ਵਿੱਚ ਡਾਇਬੀਟੀਜ਼ ਦੇ ਬਦਲਾਅ ਲਈ 3 ਕਿਸਮ ਦੇ ਨਤੀਜੇ ਹਨ:
- ਕੋਈ ਬਦਲਾਅ ਨਹੀਂ - ਇਸ ਨੂੰ ਡਾਇਬਟਿਕ ਰੈਟੀਨੋਪੈਥੀ ਦਾ ਨਾ ਹੋਣਾ ਕਿਹਾ ਜਾਂਦਾ ਹੈ
- ਤੁਹਾਡੀਆਂ ਅੱਖਾਂ ਵਿੱਚ ਕੁਝ ਬਦਲਾਅ - ਇਸ ਨੂੰ ਬੈਕਗ੍ਰਾਊਂਡ ਰੈਟੀਨੋਪੈਥੀ ਕਿਹਾ ਜਾਂਦਾ ਹੈ (ਪੜਾਅ 1)
- ਅੱਖਾਂ ਦਾ ਨੁਕਸਾਨ ਜੋ ਤੁਹਾਡੀ ਨਜ਼ਰ ਨੂੰ ਪ੍ਰਭਾਵਿਤ ਕਰ ਸਕਦਾ ਹੈ - ਇਸ ਨੂੰ ਰੈਫਰ ਕਰਨ ਯੋਗ ਰੈਟੀਨੋਪੈਥੀ ਕਿਹਾ ਜਾਂਦਾ ਹੈ। ਤੁਹਾਨੂੰ ਜਾਂ ਤਾਂ ਪ੍ਰੀ-ਪ੍ਰੋਲੀਫੇਰੇਟਿਵ ਰੈਟੀਨੋਪੈਥੀ (ਪੜਾਅ 2) ਜਾਂ ਪ੍ਰੋਲੀਫੇਰੇਟਿਵ ਰੈਟੀਨੋਪੈਥੀ (ਪੜਾਅ 3) ਹੋ ਸਕਦੀ ਹੈ। ਤੁਹਾਡੇ ਨਤੀਜੇ ਵਾਲੀ ਚਿੱਠੀ ਇਸ ਦੀ ਹੋਰ ਵਿਸਤਾਰ ਵਿੱਚ ਵਿਆਖਿਆ ਕਰੇਗੀ।
ਤੁਹਾਡੇ ਨਤੀਜਿਆਂ ‘ਤੇ ਨਿਰਭਰ ਕਰਦਿਆਂ, ਤੁਹਾਨੂੰ ਫਾਲੋ-ਅੱਪ ਅਪੌਇੰਟਮੈਂਟ ਦੀ ਲੋੜ ਹੋ ਸਕਦੀ ਹੈ। ਇਹ ਇਸ ਬਾਰੇ ਪਤਾ ਲਗਾਉਣ ਲਈ ਹੈ ਕਿ ਕੀ ਤੁਹਾਨੂੰ ਇਲਾਜ ਦੀ ਲੋੜ ਹੈ ਜਾਂ ਜ਼ਿਆਦਾ ਵਾਰ ਮੁਆਇਨਿਆਂ ਦੀ ਲੋੜ ਹੈ। ਅਸੀਂ ਇੱਕ ਵੱਖਰੀ ਕਿਸਮ ਦੇ ਕੈਮਰੇ ਦੀ ਵਰਤੋਂ ਕਰਕੇ ਤੁਹਾਡੀਆਂ ਅੱਖਾਂ ਦੀ ਵਧੇਰੇ ਵਿਸਤ੍ਰਿਤ ਜਾਂਚ ਕਰ ਸਕਦੇ ਹਾਂ। ਇਸਨੂੰ ਕਈ ਵਾਰ ਆਪਟੀਕਲ ਕੋਹੇਰੈਂਸ ਟੋਮੋਗ੍ਰਾਫੀ (ਇੱਕ OCT ਸਕੈਨ) ਕਿਹਾ ਜਾਂਦਾ ਹੈ।
ਉਸ ਦਿਨ ਲਈ ਵਿਹਾਰਕ ਸੰਕੇਤ ਅਤੇ ਸੁਝਾਅ
ਆਪਣੇ ਕੰਟੈਕਟ ਲੈਂਸ ਦੇ ਸਾਲਿਊਸ਼ਨ ਦੇ ਨਾਲ ਸਾਰੇ ਐਨਕਾਂ ਅਤੇ ਕੰਟੈਕਟ ਲੈਂਸਾਂ ਨੂੰ ਲਿਆਓ ਜੋ ਤੁਸੀਂ ਪਹਿਨਦੇ ਹੋ।
ਸਨਗਲਾਸ ਲਿਆਓ ਕਿਉਂਕਿ ਅੱਖਾਂ ਵਿੱਚ ਪਾਈਆਂ ਜਾਣ ਵਾਲੀਆਂ ਬੂੰਦਾਂ ਪਾਉਣ ਤੋਂ ਬਾਅਦ ਤੁਹਾਡੀਆਂ ਅੱਖਾਂ ਸੰਵੇਦਨਸ਼ੀਲ ਮਹਿਸੂਸ ਕਰ ਸਕਦੀਆਂ ਹਨ।
ਤੁਸੀਂ ਮੁਲਾਕਾਤ ਲਈ ਕਿਸੇ ਨੂੰ ਆਪਣੇ ਨਾਲ ਲਿਆਉਣਾ ਚਾਹ ਸਕਦੇ ਹੋ। ਤੁਹਾਨੂੰ ਉਦੋਂ ਤੱਕ ਡ੍ਰਾਈਵ ਨਹੀਂ ਕਰਨਾ ਚਾਹੀਦਾ ਤੱਕ ਤੁਹਾਡੀ ਨਜ਼ਰ ਠੀਕ ਨਹੀਂ ਹੋ ਜਾਂਦੀ, ਜਿਸ ਲਈ 6 ਘੰਟੇ ਤੱਕ ਦਾ ਸਮਾਂ ਲੱਗ ਸਕਦਾ ਹੈ।
ਆਪਣੇ ਜੋਖਮ ਨੂੰ ਕਿਵੇਂ ਘਟਾਇਆ ਜਾਵੇ
ਤੁਸੀਂ ਆਪਣੇ ਜੋਖਮ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹੋ ਜੇਕਰ ਤੁਸੀਂ:
- ਜਿੰਨਾ ਸੰਭਵ ਹੋ ਸਕੇ ਆਪਣੇ ਖੂਨ ਵਿੱਚ ਗਲੂਕੋਜ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਕਰਦੇ ਹੋ
- ਆਪਣੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਨ ਲਈ ਨਿਯਮਿਤ ਤੌਰ ‘ਤੇ ਆਪਣੇ ਡਾਕਟਰ ਨੂੰ ਮਿਲਦੇ ਹੋ
- ਆਪਣੀਆਂ ਸਾਰੀਆਂ ਡਾਇਬਟੀਜ਼ ਆਈ ਸਕ੍ਰੀਨਿੰਗ ਅਪੌਇੰਟਮੈਂਟਾਂ ਵਿੱਚ ਭਾਗ ਲੈਂਦੇ ਹੋ
- ਜੇਕਰ ਤੁਸੀਂ ਆਪਣੀ ਨਜ਼ਰ ਵਿੱਚ ਕੋਈ ਬਦਲਾਅ ਦੇਖਦੇ ਹੋ ਤਾਂ ਸਲਾਹ ਲੈਂਦੇ ਹੋ
- ਡਾਕਟਰੀ ਮਸ਼ਵਰੇ ਅਨੁਸਾਰ ਆਪਣੀ ਡਾਇਬਟੀਜ਼ ਦੀ ਦਵਾਈ ਲੈਂਦੇ ਹੋ
- ਡਾਕਟਰੀ ਸਲਾਹ ਦੀ ਪਾਲਣਾ ਕਰਦੇ ਹੋਏ, ਨਿਯਮਿਤ ਤੌਰ ‘ਤੇ ਕਸਰਤ ਕਰਦੇ ਹੋ
ਹੋਰ ਜਾਣਕਾਰੀ ਅਤੇ ਸਹਾਇਤਾ
ਤੁਹਾਨੂੰ ਅੱਗੇ ਕੀ ਕਰਨ ਦੀ ਲੋੜ ਹੈ ਇਸ ਬਾਰੇ ਵੇਰਵਿਆਂ ਲਈ ਆਪਣੀ ਸਕ੍ਰੀਨਿੰਗ ਦਾ ਸੱਦਾ-ਪੱਤਰ ਪੜ੍ਹੋ।
ਤੁਸੀਂ :
- NHS.UK ’ਤੇ ਡਾਇਬੀਟੀਜ਼ ਤੁਹਾਡੀਆਂ ਅੱਖਾਂ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ ਇਸ ਬਾਰੇ ਹੋਰ ਜਾਣਕਾਰੀ ਪੜ੍ਹ ਸਕਦੇ ਹੋ
- ਜੇਕਰ ਤੁਹਾਨੂੰ ਨਿਯਮਿਤ ਨਿਗਰਾਨੀ ਜਾਂ ਇਲਾਜ ਦੀ ਲੋੜ ਹੈ ਤਾਂ, ਸਾਡਾ ਡਾਇਬਟੀਜ਼ ਰੈਟੀਨੋਪੈਥੀ ਬਾਰੇ ਪਰਚਾ, ਪੜ੍ਹ ਸਕਦੇ ਹੋ।
- ਡਾਇਬਟੀਜ਼ ਯੂ.ਕੇ. ’ਤੇ ਡਾਇਬਟਿਕ ਰੈਟੀਨੋਪੈਥੀ ਅਤੇ ਉਪਲਬਧ ਸਹਾਇਤਾ ਬਾਰੇ ਜ਼ਿਆਦਾ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
ਇਹ ਜਾਣਕਾਰੀ ਵਿਕਲਪਿਕ ਫਾਰਮੈਟ ਵਿੱਚ ਉਪਲਬਧ ਹੈ, ਜਿਸ ਵਿਚ ਸ਼ਾਮਲ ਹਨ ਅਸਾਨ ਪੜ੍ਹਤ ਅਤੇ ਹੋਰ ਭਾਸ਼ਾਵਾਂ। ਦੂਜੇ ਫਾਰਮੈਟ ਲਈ ਬੇਨਤੀ ਕਰਨ ਲਈ, ਤੁਸੀਂ ਇਸ ਨੰਬਰ ’ਤੇ ਫ਼ੋਨ ਕਰ ਸਕਦੇ ਹੋ 0300 311 22 33 ਜਾਂ ਇੱਥੇ ਈਮੇਲ ਕਰ ਸਕਦੇ ਹੋ: england.contactus@nhs.net
ਅਸੀਂ ਨਿਜੀ ਜਾਣਕਾਰੀ ਨੂੰ ਤੁਹਾਡੇ NHS ਰਿਕਾਰਡਸ ਤੋਂ ਵਰਤਦੇ ਹਾਂ ਜਿਸ ਨਾਲ ਸਹੀ ਸਮੇਂ ਤੇ ਸਕ੍ਰੀਨਿੰਗ ਲਈ ਸੱਦਾ ਦਿੱਤਾ ਜਾ ਸਕੇ। ਇਸ ਜਾਣਕਾਰੀ ਨਾਲ ਸਾਨੂੰ ਸਕ੍ਰੀਨਿੰਗ ਪ੍ਰੋਗ੍ਰਾਮਾਂ ਵਿਚ ਸੁਧਾਰ ਕਰਨ ਅਤੇ ਗੁਣਵਤਾ ਵਾਲੀ ਦੇਖ-ਭਾਲ ਪੇਸ਼ ਕਰਨ ਵਿਚ ਮਦਦ ਮਿਲਦੀ ਹੈ। ਇਸ ਬਾਰੇ ਹੋਰ ਪੜ੍ਹੋ ਕਿ ਅਸੀਂ ਤੁਹਾਡੀ ਜਾਣਕਾਰੀ ਦੀ ਵਰਤ਼ ਅਤੇ ਸੁਰੱਖਿਆ ਕਿਵੇਂ ਕਰਦੇ ਹਾਂ।
ਇਸ ਬਾਰੇ ਪਤਾ ਲਗਾਓ ਕਿ ਸਕ੍ਰੀਨਿੰਗ ਵਿੱਚ ਭਾਗ ਨਾ ਲੈਣ ਦੀ ਚੋਣ ਕਿਵੇਂ ਕਰਨੀ ਹੈ।