ਡਾਇਬਿਟੀਜ਼ ਤੋਂ ਪ੍ਰਭਾਵਿਤ ਅੱਖ ਦੀ ਸਕ੍ਰੀਨਿੰਗ: ਸਲਿਟ ਲੈਂਪ ਮੁਆਇਨੇ ਦੀ ਵਿਆਖਿਆ
ਅੱਪਡੇਟ ਕੀਤਾ 27 September 2024
Applies to England
ਪਬਲਿਕ ਹੈਲਥ ਇੰਗਲੈਂਡ (PHE) ਨੇ ਇਹ ਜਾਣਕਾਰੀ NHS ਦੀ ਤਰਫ਼ੋਂ ਤਿਆਰ ਕੀਤੀ ਹੈ। ਇਸ ਜਾਣਕਾਰੀ ਵਿੱਚ, ਸ਼ਬਦ ‘ਅਸੀਂ’ ਦਾ ਮਤਲਬ ਉਸ NHS ਸੇਵਾ ਤੋਂ ਹੈ ਜੋ ਸਕ੍ਰੀਨਿੰਗ ਮੁਹੱਈਆ ਕਰਦਾ ਹੈ।
1. ਸੰਖੇਪ ਜਾਣਕਾਰੀ
ਇਹ ਪਰਚਾ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਨੂੰ ਡਿਜੀਟਲ ਕੈਮਰੇ ਦੀ ਬਜਾਏ ਸਲਿਟ ਲੈਂਪ ਨਾਮਕ ਇੱਕ ਉਪਕਰਣ ਦੀ ਵਰਤੋਂ ਕਰਦੇ ਹੋਏ ਡਾਇਬਿਟੀਜ਼ ਤੋਂ ਪ੍ਰਭਾਵਿਤ ਅੱਖ ਦੀ ਬਿਮਾਰੀ ਲਈ ਮੁਆਇਨੇ ਕੀਤੇ ਜਾਣ ਦੀ ਲੋੜ ਹੈ।
ਤੁਹਾਨੂੰ ਇੱਕ ਸਲਿਟ ਲੈਂਪ ਅਪਾਇੰਟਮੈਂਟ ਦੀ ਲੋੜ ਹੈ ਕਿਉਂਕਿ ਸਾਨੂੰ ਡਿਜੀਟਲ ਫੋਟੋਗ੍ਰਾਫੀ ਦੀ ਵਰਤੋਂ ਕਰਦੇ ਹੋਏ ਤੁਹਾਡੀਆਂ ਅੱਖਾਂ ਦੇ ਪਿਛਲੇ ਹਿੱਸੇ ਦਾ ਸਪਸ਼ਟ ਦ੍ਰਿਸ਼ ਪ੍ਰਾਪਤ ਨਹੀਂ ਹੋ ਸਕਿਆ।
2. ਡਾਇਬੇਟਿਕ ਰੈਟੀਨੋਪੈਥੀ
ਡਾਇਬੇਟਿਕ ਰੈਟਿਨੋਪੈਥੀ ਉਸ ਵੇਲੇ ਹੁੰਦੀ ਹੈ ਜਦੋਂ ਡਾਇਬਿਟੀਜ਼ ਛੋਟੀਆਂ-ਛੋਟੀਆਂ ਖੂਨ ਦੀਆਂ ਨਾੜੀਆਂ ਨੂੰ ਪ੍ਰਭਾਵਿਤ ਕਰਦੀ ਹੈ, ਅਤੇ ਅੱਖ ਦੇ ਰੈਟੀਨਾ ਨਾਮਕ ਹਿੱਸੇ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਸ ਕਾਰਨ ਰੈਟੀਨਾ ਵਿੱਚ ਖੂਨ ਦੀਆਂ ਨਾੜੀਆਂ ਲੀਕ ਹੋ ਸਕਦੀਆਂ ਹਨ ਜਾਂ ਬਲੌਕ ਹੋ ਸਕਦੀਆਂ ਹਨ। ਇਹ ਤੁਹਾਡੀ ਨਜ਼ਰ ਨੂੰ ਪ੍ਰਭਾਵਿਤ ਕਰ ਸਕਦੀ ਹੈ।
3. ਸਕ੍ਰੀਨਿੰਗ ਦਾ ਮਹੱਤਵ
ਡਾਇਬਿਟੀਜ਼ ਤੋਂ ਪ੍ਰਭਾਵਿਤ ਅੱਖ ਦੀ ਸਕ੍ਰੀਨਿੰਗ ਨਜ਼ਰ ਨੂੰ ਨੁਕਸਾਨ ਪਹੁੰਚਣ ਤੋਂ ਰੋਕਣ ਵਿੱਚ ਮਦਦ ਕਰਦੀ ਹੈ। ਡਾਇਬਿਟੀਜ਼ ਤੋਂ ਪੀੜਤ ਵਿਅਕਤੀ ਹੋਣ ਦੇ ਨਾਤੇ, ਤੁਹਾਡੀਆਂ ਅੱਖਾਂ ਨੂੰ ਡਾਇਬੇਟਿਕ ਰੈਟਿਨੋਪੈਥੀ ਤੋਂ ਨੁਕਸਾਨ ਦਾ ਖ਼ਤਰਾ ਹੁੰਦਾ ਹੈ। ਸਕ੍ਰੀਨਿੰਗ ਤੁਹਾਡੀ ਨਜ਼ਰ ਵਿੱਚ ਕਿਸੇ ਤਰ੍ਹਾਂ ਦੀਆਂ ਤਬਦੀਲੀਆਂ ਤੁਹਾਡੇ ਧਿਆਨ ਵਿੱਚ ਆਉਣ ਤੋਂ ਪਹਿਲਾਂ ਸਮੱਸਿਆ ਬਾਰੇ ਪਤਾ ਲਗਾ ਸਕਦੀ ਹੈ।
ਸਕ੍ਰੀਨਿੰਗ ਤੁਹਾਡੀ ਡਾਇਬਿਟੀਜ਼ ਦੀ ਦੇਖਭਾਲ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇਲਾਜ ਨਾ ਕੀਤੀ ਗਈ ਡਾਇਬੇਟਿਕ ਰੈਟਿਨੋਪੈਥੀ ਨਜ਼ਰ ਚਲੇ ਜਾਣ ਦੇ ਸਭ ਤੋਂ ਆਮ ਕਾਰਨਾਂ ਵਿੱਚੋਂ ਇੱਕ ਹੈ। ਜਦੋਂ ਸਮੱਸਿਆ ਬਾਰੇ ਜਲਦੀ ਪਤਾ ਲੱਗ ਜਾਂਦਾ ਹੈ, ਤਾਂ ਇਲਾਜ ਨਜ਼ਰ ਦੇ ਨੁਕਸਾਨ ਨੂੰ ਘਟਾ ਸਕਦਾ ਹੈ ਜਾਂ ਰੋਕ ਸਕਦਾ ਹੈ।
ਯਾਦ ਰੱਖੋ, ਡਾਇਬਿਟੀਜ਼ ਤੋਂ ਪ੍ਰਭਾਵਿਤ ਅੱਖ ਦੀ ਸਕ੍ਰੀਨਿੰਗ ਕਿਸੇ ਆਪਟੀਸ਼ਿਅਨ (ਐਨਕਾਂ ਦੇ ਮਾਹਰ) ਕੋਲ ਤੁਹਾਡੀ ਅੱਖਾਂ ਦੀ ਆਮ ਜਾਂਚ ਦੇ ਹਿੱਸੇ ਵਜੋਂ ਨਹੀਂ ਕੀਤੀ ਜਾਂਦੀ ਹੈ। ਸਕ੍ਰੀਨਿੰਗ ਅੱਖਾਂ ਦੀਆਂ ਹੋਰ ਸਮੱਸਿਆਵਾਂ ਦੀ ਭਾਲ ਨਹੀਂ ਕਰਦੀ ਹੈ ਅਤੇ ਤੁਹਾਨੂੰ ਅੱਖਾਂ ਦੇ ਮੁਆਇਨੇ ਲਈ ਬਕਾਇਦਾ ਆਪਣੇ ਆਪਟੀਸ਼ਿਅਨ ਨੂੰ ਮਿਲਣਾ ਜਾਰੀ ਰੱਖਣਾ ਚਾਹੀਦਾ ਹੈ।
4. ਸਲਿਟ ਲੈਂਪ
ਸਲਿਟ ਲੈਂਪ ਦੇ 2 ਭਾਗ ਹੁੰਦੇ ਹਨ - ਇੱਕ ਚੀਰ ਦੇ ਵਿੱਚੋਂ ਆਉਣ ਵਾਲਾ ਰੋਸ਼ਨੀ ਦਾ ਇੱਕ ਬਹੁਤ ਹੀ ਚਮਕਦਾਰ ਸਰੋਤ ਅਤੇ ਇੱਕ ਮਾਈਕ੍ਰੋਸਕੋਪ। ਇਸ ਨਾਲ ਅਸੀਂ ਅੱਖ ਦੇ ਵਿਅਕਤੀਗਤ ਹਿੱਸਿਆਂ ਨੂੰ ਵਿਸਤਾਰ ਨਾਲ ਦੇਖ ਸਕਦੇ ਹਾਂ, ਖ਼ਾਸ ਕਰਕੇ ਅੱਖ ਦੇ ਪਿਛਲੇ ਹਿੱਸੇ ਵਿੱਚ ਰੈਟੀਨਾ ਨੂੰ।
ਇਹ ਦਿਖਾਏਗਾ ਕਿ ਕੀ ਕੋਈ ਤਬਦੀਲੀਆਂ ਹਨ ਜੋ ਡਾਇਬੇਟਿਕ ਰੈਟਿਨੋਪੈਥੀ ਦੇ ਕਾਰਨ ਹੋਈਆਂ ਹੋ ਸਕਦੀਆਂ ਹਨ।
5. ਸਕ੍ਰੀਨਿੰਗ ਟੈਸਟ
-
ਅਸੀਂ ਤੁਹਾਡੀਆਂ ਪੁਤਲੀਆਂ ਨੂੰ ਅਸਥਾਈ ਤੌਰ ‘ਤੇ ਵੱਡਾ ਕਰਨ ਲਈ ਤੁਹਾਡੀਆਂ ਅੱਖਾਂ ਵਿੱਚ ਬੂੰਦਾਂ ਪਾਉਂਦੇ ਹਾਂ। ਬੂੰਦਾਂ ਕਰਕੇ ਤੁਹਾਨੂੰ ਜਲਣ ਹੋ ਸਕਦੀ ਹੈ। ਉਹ ਤੁਹਾਡੀ ਨਜ਼ਰ ਨੂੰ ਥੋੜ੍ਹਾ ਧੁੰਦਲਾ ਵੀ ਕਰਦੀਆਂ ਹਨ।
-
ਅਸੀਂ ਤੁਹਾਨੂੰ ਮੁਆਇਨੇ ਵਾਲੀ ਕੁਰਸੀ ‘ਤੇ ਬੈਠਣ ਲਈ ਕਹਿੰਦੇ ਹਾਂ। ਅਸੀਂ ਤੁਹਾਨੂੰ ਆਪਣੇ ਸਿਰ ਨੂੰ ਸਥਿਰ ਕਰਨ ਵਿੱਚ ਸਹਾਇਤਾ ਲਈ ਆਪਣੀ ਠੋਡੀ ਅਤੇ ਮੱਥੇ ਨੂੰ ਇੱਕ ਸਹਾਰੇ ‘ਤੇ ਰੱਖਣ ਲਈ ਕਹਿੰਦੇ ਹਾਂ। ਅਪਾਇੰਟਮੈਂਟ ਲਗਭਗ 40 ਮਿੰਟ ਚੱਲਦੀ ਹੈ।
-
ਤੁਹਾਨੂੰ ਤੁਹਾਡੇ ਸਕ੍ਰੀਨਿੰਗ ਦੇ ਨਤੀਜਿਆਂ ਬਾਰੇ ਦੱਸਣ ਲਈ ਅਸੀਂ 6 ਹਫ਼ਤਿਆਂ ਦੇ ਅੰਦਰ ਤੁਹਾਨੂੰ ਅਤੇ ਤੁਹਾਡੇ ਜੀਪੀ ਨੂੰ ਇੱਕ ਪੱਤਰ ਭੇਜਦੇ ਹਾਂ।
6. ਸਕ੍ਰੀਨਿੰਗ ਦੀ ਪੇਸ਼ਕਸ਼ ਜਦੋਂ ਕੀਤੀ ਜਾਂਦੀ ਹੈ
ਅਸੀਂ 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਡਾਇਬਿਟੀਜ਼ ਵਾਲੇ ਹਰੇਕ ਵਿਅਕਤੀ ਨੂੰ ਹਰ 12 ਮਹੀਨਿਆਂ ਬਾਅਦ ਸਕ੍ਰੀਨਿੰਗ ਦੀ ਪੇਸ਼ਕਸ਼ ਕਰਦੇ ਹਾਂ।
7. ਸੰਭਾਵੀ ਮਾੜੇ-ਪ੍ਰਭਾਵ
ਅੱਖਾਂ ਦੀਆਂ ਬੂੰਦਾਂ ਕੁਝ ਘੰਟਿਆਂ ਲਈ ਤੁਹਾਡੀ ਨਜ਼ਰ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ, ਇਸ ਲਈ ਆਪਣੀ ਅਪਾਇੰਟਮੈਂਟ ਤੋਂ ਬਾਅਦ ਜਦੋਂ ਤਕ ਤੁਹਾਡੀ ਨਜ਼ਰ ਆਮ ਹਾਲਤ ਵਿੱਚ ਨਹੀਂ ਆ ਜਾਂਦੀ ਤੁਹਾਨੂੰ ਡ੍ਰਾਈਵ ਨਹੀਂ ਕਰਦਾ ਚਾਹੀਦਾ।
8. ਅਗਲੇ ਕਦਮ
ਜੇ ਤੁਹਾਡੇ ਵਿੱਚ ਕੋਈ ਤਬਦੀਲੀ ਨਹੀਂ ਹੈ (ਜਾਂ ਹਲਕੀ ਡਾਇਬਿਟੀਜ਼ ਸੰਬੰਧੀ ਤਬਦੀਲੀ ਹੈ) ਅਤੇ ਸਾਨੂੰ ਹਾਲੇ ਵੀ ਤੁਹਾਡੀਆਂ ਅੱਖਾਂ ਦੇ ਪਿਛਲੇ ਪਾਸੇ ਦੀਆਂ ਸਾਫ ਤਸਵੀਰਾਂ ਪ੍ਰਾਪਤ ਕਰਨ ਦੀ ਸੰਭਾਵਨਾ ਨਹੀਂ ਹੈ ਤਾਂ ਅਸੀਂ ਤੁਹਾਨੂੰ 12 ਮਹੀਨਿਆਂ ਦੇ ਸਮੇਂ ਵਿੱਚ ਇੱਕ ਹੋਰ ਸਲਿਟ ਲੈਂਪ ਅਪਾਇੰਟਮੈਂਟ ਲਈ ਬੁਲਾਵਾਂਗੇ।
ਜੇ ਕਿਸੇ ਗੰਭੀਰ ਤਬਦੀਲੀਆਂ ਦੇ ਸੰਕੇਤ ਮਿਲਦੇ ਹਨ ਤਾਂ ਅਸੀਂ ਤੁਹਾਨੂੰ ਤੁਹਾਡੇ ਨੇੜਲੇ ਹਸਪਤਾਲ ਦੇ ਓਪਥੈਲਮੋਲੋਜੀ (ਅੱਖਾਂ ਦੇ) ਕਲੀਨਿਕ ਵਿੱਚ ਦੇ ਅੱਖਾਂ ਦੇ ਮਾਹਰ ਡਾਕਟਰ ਕੋਲ ਭੇਜਾਂਗੇ।
9. ਅਪਾਇੰਟਮੈਂਟ ਲਈ ਤਿਆਰੀ ਕਰਨੀ
ਆਪਣੀ ਅਪਾਇੰਟਮੈਂਟ ਲਈ ਤਿਆਰੀ ਕਰਨ ਲਈ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ:
- ਉਹ ਸਾਰੀਆਂ ਐਨਕਾਂ (ਨਜ਼ਰ ਦੀਆਂ) ਅਤੇ ਕਾਨਟੈਕਟ ਲੈਂਜ਼, ਜੋ ਤੁਸੀਂ ਪਹਿਨਦੇ ਹੋ ਅਤੇ ਉਹਨਾਂ ਲਈ ਸਲੂਸ਼ਨ ਨੂੰ ਆਪਣੇ ਨਾਲ ਲਿਆਓ
- ਧੁੱਪ ਦਾ ਚਸ਼ਮਾ ਲਿਆਓ ਕਿਉਂਕਿ ਅੱਖਾਂ ਦੀਆਂ ਬੂੰਦਾਂ ਪਾਉਣ ਦੇ ਬਾਅਦ ਤੁਹਾਡੀਆਂ ਅੱਖਾਂ ਸੰਵੇਦਨਸ਼ੀਲ ਮਹਿਸੂਸ ਹੋ ਸਕਦੀਆਂ ਹਨ
ਤੁਸੀਂ ਅਪਾਇੰਟਮੈਂਟ ‘ਤੇ ਕਿਸੇ ਨੂੰ ਆਪਣੇ ਨਾਲ ਲਿਆਉਣਾ ਚਾਹ ਸਕਦੇ ਹੋ।
ਅੱਖਾਂ ਦੀਆਂ ਬੂੰਦਾਂ ਕੁਝ ਘੰਟਿਆਂ ਲਈ ਤੁਹਾਡੀ ਨਜ਼ਰ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ, ਇਸ ਲਈ ਆਪਣੀ ਅਪਾਇੰਟਮੈਂਟ ਤੋਂ ਬਾਅਦ ਤੁਹਾਨੂੰ ਡ੍ਰਾਈਵ ਨਹੀਂ ਕਰਦਾ ਚਾਹੀਦਾ।
ਕਿਰਪਾ ਕਰਕੇ ਸਾਨੂੰ ਦੱਸੋ ਕਿ ਕੀ ਤੁਹਾਡਾ ਹਾਲ ਹੀ ਵਿੱਚ ਮੋਤੀਆ ਹਟਾਇਆ ਗਿਆ ਹੈ ਜਾਂ ਤੁਸੀਂ ਜਲਦੀ ਹੀ ਮੋਤੀਆ ਕਢਵਾਉਣ ਜਾ ਰਹੇ ਹੋ। ਇਸ ਨਾਲ ਅਸੀਂ ਦੁਬਾਰਾ ਡਿਜੀਟਲ ਫੋਟੋਗ੍ਰਾਫੀ ਦੀ ਵਰਤੋਂ ਕਰਕੇ ਤੁਹਾਡੀਆਂ ਅੱਖਾਂ ਦਾ ਸਪਸ਼ਟ ਦ੍ਰਿਸ਼ ਪ੍ਰਾਪਤ ਕਰ ਸਕਾਂਗੇ।
10. ਤੁਸੀਂ ਕਿਵੇਂ ਮਦਦ ਕਰ ਸਕਦੇ ਹੋ
ਤੁਸੀਂ ਆਪਣੇ ਜੋਖਮ ਨੂੰ ਘਟਾ ਸਕਦੇ ਹੋ ਜੇ ਤੁਸੀਂ:
- ਆਪਣੀਆਂ ਨਿਯਮਿਤ ਡਾਇਬਿਟੀਜ਼ ਤੋਂ ਪ੍ਰਭਾਵਿਤ ਅੱਖ ਦੀ ਸਕ੍ਰੀਨਿੰਗ ਅਪਾਇੰਟਮੈਂਟਾਂ ਵਿੱਚ ਸ਼ਾਮਲ ਹੋਣਾ ਜਾਰੀ ਰੱਖਦੇ ਹੋ
- ਆਪਣੀ ਬਲੱਡ ਸ਼ੂਗਰ (HbA1c) ਨੂੰ ਆਪਣੀ ਸਿਹਤ-ਸੰਭਾਲ ਟੀਮ ਦੇ ਨਾਲ ਸਹਿਮਤ ਕੀਤੇ ਗਏ ਪੱਧਰਾਂ ‘ਤੇ ਰੱਖੋ
- ਇਹ ਜਾਂਚ ਕਰਨ ਲਈ ਕਿ ਤੁਹਾਡਾ ਬਲੱਡ ਪ੍ਰੈਸ਼ਰ ਵਧਿਆ ਨਹੀਂ ਹੈ ਨਿਯਮਿਤ ਰੂਪ ਵਿੱਚ ਆਪਣੀ ਸਿਹਤ-ਸੰਭਾਲ ਟੀਮ ਨੂੰ ਮਿਲੋ
- ਆਪਣੀਆਂ ਖੂਨ ਵਿਚਲੀ ਚਰਬੀਆਂ (ਕਲੈਸਟ੍ਰੋਲ) ਨੂੰ ਆਪਣੀ ਸਿਹਤ-ਸੰਭਾਲ ਟੀਮ ਦੇ ਨਾਲ ਸਹਿਮਤ ਕੀਤੇ ਗਏ ਪੱਧਰਾਂ ‘ਤੇ ਰੱਖੋ
- ਜੇ ਤੁਸੀਂ ਨਜ਼ਰ ਵਿੱਚ ਕੋਈ ਨਵੀਆਂ ਸਮੱਸਿਆਵਾਂ ਦੇਖਦੇ ਹੋ ਤਾਂ ਪੇਸ਼ਾਵਰ ਸਲਾਹ ਲਵੋ
- ਸਿਹਤਮੰਦ ਅਤੇ ਸੰਤੁਲਿਤ ਖੁਰਾਕ ਖਾਓ
- ਜੇ ਤੁਹਾਡਾ ਭਾਰ ਵੱਧ ਹੈ ਤਾਂ ਵਾਧੂ ਭਾਰ ਘਟਾਓ
- ਆਪਣੀ ਦਵਾਈਆਂ ਤਜਵੀਜ਼ ਕੀਤੇ ਅਨੁਸਾਰ ਲਵੋ
- ਨਿਯਮਿਤ ਤੌਰ ‘ਤੇ ਕਸਰਤ ਕਰੋ
- ਜੇ ਤੁਸੀਂ ਤਮਾਕੂਨੋਸ਼ੀ ਕਰਦੇ ਹੋ ਤਾਂ ਤੁਸੀਂ ਇਸ ਨੂੰ ਘਟਾਓ ਜਾਂ ਬੰਦ ਕਰੋ
ਯਾਦ ਰੱਖੋ, ਤੁਹਾਨੂੰ ਡਾਇਬਿਟੀਜ਼ ਤੋਂ ਪ੍ਰਭਾਵਿਤ ਅੱਖ ਦੀ ਸਕ੍ਰੀਨਿੰਗ ਵਾਸਤੇ ਅਪਾਇੰਟਮੈਂਟ ਦੇ ਨਾਲ-ਨਾਲ ਅੱਖਾਂ ਦੇ ਆਮ ਮੁਆਇਨੇ ਲਈ ਨਿਯਮਿਤ ਰੂਪ ਵਿੱਚ ਆਪਣੇ ਆਪਟੀਸ਼ਿਅਨ (ਅੱਖਾਂ ਦੇ ਮਾਹਰ) ਕੋਲ ਜਾਣਾ ਵੀ ਜਾਰੀ ਰੱਖਣਾ ਚਾਹੀਦਾ ਹੈ।
11. ਵਧੇਰੇ ਜਾਣਕਾਰੀ
ਤੁਹਾਨੂੰ ਵਧੇਰੇ ਜਾਣਕਾਰੀ ਇਸ ਵੈੱਬਸਾਈਟ ਤੋਂ ਮਿਲ ਸਕਦੀ ਹੈ:
ਇਹ ਪਤਾ ਲਗਾਓ ਕਿ ਪਬਲਿਕ ਹੈਲਥ ਇੰਗਲੈਂਡ ਅਤੇ NHS ਤੁਹਾਡੀ ਸਕ੍ਰੀਨਿੰਗ ਜਾਣਕਾਰੀ ਦੀ ਵਰਤੋਂ ਅਤੇ ਰੱਖਿਆ ਕਿਵੇਂ ਕਰਦੇ ਹਨ।
ਪਤਾ ਕਰੋ ਕਿ ਸਕ੍ਰੀਨਿੰਗ ਤੋਂ ਬਾਹਰ ਹੋਣ ਦੀ ਚੋਣ ਕਿਵੇਂ ਕਰਨੀ ਹੈ।