ਡਾਇਬੇਟਿਕ ਰੈਟਿਨੋਪੈਥੀ ਬਾਰੇ ਤੁਹਾਡੀ ਗਾਈਡ
ਅੱਪਡੇਟ ਕੀਤਾ 27 ਜੁਲਾਈ 2022
ਪਬਲਿਕ ਹੈਲਥ ਇੰਗਲੈਂਡ (PHE) ਨੇ ਇਹ ਜਾਣਕਾਰੀ NHS ਦੀ ਤਰਫ਼ੋਂ ਤਿਆਰ ਕੀਤੀ ਹੈ। ਇਸ ਜਾਣਕਾਰੀ ਵਿੱਚ, ਸ਼ਬਦ ‘ਅਸੀਂ’ ਦਾ ਮਤਲਬ ਉਸ NHS ਸੇਵਾ ਤੋਂ ਹੈ ਜੋ ਸਕ੍ਰੀਨਿੰਗ ਮੁਹੱਈਆ ਕਰਦਾ ਹੈ।
1. ਸੰਖੇਪ ਜਾਣਕਾਰੀ
ਇਹ ਜਾਣਕਾਰੀ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਦੀ ਡਾਇਬਿਟੀਜ਼ ਤੋਂ ਪ੍ਰਭਾਵਿਤ ਅੱਖ ਦੀ ਸਕ੍ਰੀਨਿੰਗ ਦੁਆਰਾ ਬੈਕਗ੍ਰਾਉਂਡ ਰੈਟਿਨੋਪੈਥੀ ਦਾ ਪਤਾ ਲੱਗਾ ਹੈ।
ਇਸ ਵਿੱਚ ਡਾਇਬਿਟੀਜ਼ ਕਾਰਨ ਤੁਹਾਡੀਆਂ ਅੱਖਾਂ ਵਿੱਚ ਹੋਣ ਵਾਲੀਆਂ ਤਬਦੀਲੀਆਂ ਦੇ ਚਿੰਨ੍ਹਾਂ ਬਾਰੇ ਮਹੱਤਵਪੂਰਨ ਜਾਣਕਾਰੀ ਸ਼ਾਮਲ ਹੈ।
ਇਹ ਸਮਝਾਉਂਦਾ ਹੈ:
- ਤੁਹਾਡੀਆਂ ਅੱਖਾਂ ਵਿੱਚ ਕੀ ਤਬਦੀਲੀਆਂ ਹੋਈਆਂ ਹਨ
- ਸਮੇਂ ਦੇ ਨਾਲ ਤੁਹਾਡੀ ਸਮੱਸਿਆ ਵਿੱਚ ਕੀ ਵਾਧਾ ਹੋ ਸਕਦਾ ਹੈ
- ਵਧੇਰੇ ਗੰਭੀਰ ਤਬਦੀਲੀਆਂ ਦਾ ਜੋਖਮ ਘਟਾਉਣ ਲਈ ਤੁਸੀਂ ਕੀ ਕਰ ਸਕਦੇ ਹੋ
ਤੁਸੀਂ ਸ਼ਾਇਦ ਇਸ ਜਾਣਕਾਰੀ ਬਾਰੇ ਆਪਣੀ ਸਿਹਤ-ਸੰਭਾਲ ਟੀਮ ਦੇ ਨਾਲ ਚਰਚਾ ਕਰਨੀ ਚਾਹੋ।
2. ਡਾਇਬੇਟਿਕ ਰੈਟੀਨੋਪੈਥੀ
ਡਾਇਬੇਟਿਕ ਰੈਟਿਨੋਪੈਥੀ ਰੈਟਿਨਾ ਨੂੰ ਨੁਕਸਾਨ ਹੁੰਦਾ ਹੈ, ਇਹ ਅੱਖ ਦਾ ਪਿਛਲੇ ਪਾਸੇ ਦਾ ਹਿੱਸਾ ਹੈ ਜੋ ਪ੍ਰਕਾਸ਼ ਨੂੰ ਬਿਜਲਈ ਸਿਗਨਲਾਂ ਵਿੱਚ ਬਦਲਦਾ ਹੈ। ਤੁਹਾਡਾ ਦਿਮਾਗ ਇਹਨਾਂ ਸਿਗਨਲਾਂ ਨੂੰ ਪੜ੍ਹ ਕੇ ਉਹ ਚਿੱਤਰ ਤਿਆਰ ਕਰਦਾ ਹੈ ਜੋ ਤੁਸੀਂ ਦੇਖਦੇ ਹੋ।
ਖੂਨ ਦੀਆਂ ਨਾੜੀਆਂ ਆਕਸੀਜ਼ਨ ਅਤੇ ਪੋਸ਼ਕ ਪਦਾਰਥਾਂ ਨੂੰ ਤੁਹਾਡੇ ਰੈਟਿਨਾ ਤਕ ਲਿਆਉਂਦੀਆਂ ਹਨ। ਡਾਇਬਿਟੀਜ਼ ਹੋਣ ‘ਤੇ ਇਹਨਾਂ ਖੂਨ ਦੀਆਂ ਨਾੜੀਆਂ ਉੱਪਰ ਕਈ ਤਰੀਕਿਆਂ ਨਾਲ ਅਸਰ ਹੋ ਸਕਦਾ ਹੈ, ਖਾਸ ਕਰਕੇ ਜੇ ਇਹ ਮਾੜੇ ਤਰੀਕੇ ਨਾਲ ਨਿਯੰਤ੍ਰਿਤ ਹੈ। ਜੇ ਤਬਦੀਲੀਆਂ ਗੰਭੀਰ ਹਨ ਤਾਂ ਉਹ ਤੁਹਾਡੇ ਰੈਟਿਨਾ ਦੀ ਸਿਹਤ ‘ਤੇ ਅਸਰ ਕਰਨਗੀਆਂ ਅਤੇ ਤੁਹਾਡੀ ਨਜ਼ਰ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।
ਇਲਾਜ ਨਾ ਕੀਤੀ ਗਈ ਡਾਇਬੇਟਿਕ ਰੈਟਿਨੋਪੈਥੀ ਨਜ਼ਰ ਚਲੇ ਜਾਣ ਦੇ ਸਭ ਤੋਂ ਆਮ ਕਾਰਨਾਂ ਵਿੱਚੋਂ ਇੱਕ ਹੈ। ਤੁਹਾਨੂੰ ਡਾਇਬੇਟਿਕ ਰੈਟਿਨੋਪੈਥੀ ਹੋਣ ਦਾ ਜੋਖਮ ਹੈ ਭਾਵੇਂ ਤੁਹਾਡੀ ਡਾਇਬਿਟੀਜ਼ ਨੂੰ ਖੁਰਾਕ, ਗੋਲੀਆਂ ਜਾਂ ਇਨਸੁਲਿਨ ਦੁਆਰਾ ਕਾਬੂ ਕੀਤਾ ਜਾਂਦਾ ਹੋਵੇ।
3. ਜੋਖਮ ਦੇ ਕਾਰਕ
ਤੁਹਾਨੂੰ ਡਾਇਬੇਟਿਕ ਰੈਟਿਨੋਪੈਥੀ ਦਾ ਵਧੇਰੇ ਜੋਖਮ ਹੁੰਦਾ ਹੈ ਜੇ:
- ਤੁਹਾਨੂੰ ਲੰਬੇ ਸਮੇਂ ਤੋਂ ਡਾਇਬਿਟੀਜ਼ ਹੈ
- ਤੁਹਾਡੀ ਡਾਇਬਿਟੀਜ਼ ਚੰਗੀ ਤਰ੍ਹਾਂ ਨਾਲ ਨਿਯੰਤ੍ਰਿਤ ਨਹੀਂ ਹੈ
- ਉੱਚ ਬਲੱਡ ਪ੍ਰੈਸ਼ਰ ਹੋਣਾ
- ਗਰਭਵਤੀ ਹੋ
- ਤੁਸੀਂ ਏਸ਼ਿਆਈ ਜਾਂ ਐਫ੍ਰੋ-ਕੈਰੇਬਿਅਨ ਨਸਲੀ ਪਿਛੋਕੜ ਤੋਂ ਹੋ
ਆਪਣੀ ਡਾਇਬਿਟੀਜ਼ ਦਾ ਧਿਆਨ ਰੱਖਣ ਨਾਲ ਤੁਹਾਡੀ ਰੈਟਿਨੋਪੈਥੀ ਦੇ ਵਧਣ ਦਾ ਜੋਖਮ ਘੱਟ ਜਾਂਦਾ ਹੈ ਅਤੇ ਕੋਈ ਵੀ ਤਬਦੀਲੀਆਂ ਹੋਣ ਦੀ ਦਰ ਹੌਲੀ ਹੋ ਸਕਦੀ ਹੈ।
ਆਪਣੀਆਂ ਨਿਯਮਿਤ ਡਾਇਬਿਟੀਜ਼ ਤੋਂ ਪ੍ਰਭਾਵਿਤ ਅੱਖਾਂ ਦੀ ਸਕ੍ਰੀਨਿੰਗ ਵਿੱਚ ਜਾਣਾ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਡਾਇਬੇਟਿਕ ਰੈਟਿਨੋਪੈਥੀ ਦੇ ਲੱਛਣ ਉਦੋਂ ਤਕ ਦਿਖਾਈ ਨਹੀਂ ਦਿੰਦੇ ਹਨ ਜਦੋਂ ਤਕ ਇਹ ਅਡਵਾਂਸਡ ਪੜਾਅ ‘ਤੇ ਨਾ ਪਹੁੰਚ ਜਾਵੇ। ਜੇ ਸਹੀ ਸਮੇਂ ‘ਤੇ ਇਲਾਜ ਕੀਤਾ ਜਾਵੇ, ਤਾਂ ਇਹ ਤੁਹਾਡੀ ਨਜ਼ਰ ਨੂੰ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਜਾਂ ਰੋਕਣ ਵਿੱਚ ਪ੍ਰਭਾਵੀ ਹੁੰਦਾ ਹੈ।
4. ਤੁਸੀਂ ਕਿਵੇਂ ਮਦਦ ਕਰ ਸਕਦੇ ਹੋ
ਤੁਸੀਂ ਆਪਣੀ ਰੈਟਿਨੋਪੈਥੀ ਦੇ ਵਿਗੜਨ ਦੇ ਜੋਖਮ ਨੂੰ ਘਟਾ ਸਕਦੇ ਹੋ ਜੇ ਤੁਸੀਂ:
- ਬੁਲਾਏ ਜਾਣ ‘ਤੇ ਆਪਣੀ ਡਾਇਬਿਟੀਜ਼ ਤੋਂ ਪ੍ਰਭਾਵਿਤ ਅੱਖ ਦੀ ਸਕ੍ਰੀਨਿੰਗ ਲਈ ਅਪਾਇੰਟਮੈਂਟਾਂ ਵਿੱਚ ਜਾਣਾ ਜਾਰੀ ਰੱਖੋ
- ਆਪਣੀ ਬਲੱਡ ਸ਼ੂਗਰ (HbA1c) ਨੂੰ ਆਪਣੀ ਸਿਹਤ-ਸੰਭਾਲ ਟੀਮ ਦੇ ਨਾਲ ਸਹਿਮਤ ਕੀਤੇ ਗਏ ਪੱਧਰਾਂ ‘ਤੇ ਰੱਖੋ
- ਇਹ ਜਾਂਚ ਕਰਨ ਲਈ ਕਿ ਤੁਹਾਡਾ ਬਲੱਡ ਪ੍ਰੈਸ਼ਰ ਵਧਿਆ ਨਹੀਂ ਹੈ ਨਿਯਮਿਤ ਰੂਪ ਵਿੱਚ ਆਪਣੀ ਸਿਹਤ-ਸੰਭਾਲ ਟੀਮ ਨੂੰ ਮਿਲੋ
- ਆਪਣੀਆਂ ਖੂਨ ਵਿਚਲੀ ਚਰਬੀਆਂ (ਕਲੈਸਟ੍ਰੋਲ) ਨੂੰ ਆਪਣੀ ਸਿਹਤ-ਸੰਭਾਲ ਟੀਮ ਦੇ ਨਾਲ ਸਹਿਮਤ ਕੀਤੇ ਗਏ ਪੱਧਰਾਂ ‘ਤੇ ਰੱਖੋ
- ਜੇ ਤੁਸੀਂ ਨਜ਼ਰ ਵਿੱਚ ਕੋਈ ਨਵੀਆਂ ਸਮੱਸਿਆਵਾਂ ਦੇਖਦੇ ਹੋ ਤਾਂ ਪੇਸ਼ਾਵਰ ਸਲਾਹ ਲਵੋ
- ਸਿਹਤਮੰਦ ਅਤੇ ਸੰਤੁਲਿਤ ਖੁਰਾਕ ਖਾਓ
- ਜੇ ਤੁਹਾਡਾ ਭਾਰ ਵੱਧ ਹੈ ਤਾਂ ਵਾਧੂ ਭਾਰ ਘਟਾਓ
- ਆਪਣੀ ਦਵਾਈਆਂ ਤਜਵੀਜ਼ ਕੀਤੇ ਅਨੁਸਾਰ ਲਵੋ
- ਨਿਯਮਿਤ ਤੌਰ ‘ਤੇ ਕਸਰਤ ਕਰੋ
- ਜੇ ਤੁਸੀਂ ਤਮਾਕੂਨੋਸ਼ੀ ਕਰਦੇ ਹੋ ਤਾਂ ਤੁਸੀਂ ਇਸ ਨੂੰ ਘਟਾਓ ਜਾਂ ਬੰਦ ਕਰੋ
ਯਾਦ ਰੱਖੋ, ਤੁਹਾਨੂੰ ਡਾਇਬਿਟੀਜ਼ ਤੋਂ ਪ੍ਰਭਾਵਿਤ ਅੱਖ ਦੀ ਸਕ੍ਰੀਨਿੰਗ ਵਾਸਤੇ ਅਪਾਇੰਟਮੈਂਟਾਂ ਦੇ ਨਾਲ-ਨਾਲ ਤੁਹਾਡੀਆਂ ਅੱਖਾਂ ਦੇ ਆਮ ਮੁਆਇਨੇ ਲਈ ਨਿਯਮਿਤ ਰੂਪ ਵਿੱਚ ਆਪਣੇ ਆਪਟੀਸ਼ਿਅਨ (ਅੱਖਾਂ ਦੇ ਮਾਹਰ) ਕੋਲ ਜਾਣਾ ਵੀ ਜਾਰੀ ਰੱਖਣਾ ਚਾਹੀਦਾ ਹੈ।
5. ਬੈਕਗ੍ਰਾਉਂਡ ਰੈਟਿਨੋਪੈਥੀ
ਬੈਕਗ੍ਰਾਉਂਡ ਰੈਟਿਨੋਪੈਥੀ ਡਾਇਬਿਟੀਜ਼ ਕਾਰਨ ਤੁਹਾਡੇ ਰੈਟਿਨਾ ਵਿੱਚ ਹੋਣ ਵਾਲੀਆਂ ਤਬਦੀਲੀਆਂ ਦਾ ਸਭ ਤੋਂ ਸ਼ੁਰੂਆਤੀ ਪੜਾਅ ਹੁੰਦਾ ਹੈ। ਬੈਕਗ੍ਰਾਉਂਡ ਰੈਟਿਨੋਪੈਥੀ ਆਮ ਹੁੰਦੀ ਹੈ।
ਇਸ ਪੜਾਅ ‘ਤੇ, ਡਾਇਬਿਟੀਜ਼ ਨੇ ਤੁਹਾਡੇ ਰੈਟਿਨਾ ਵਿੱਚ ਖੂਨ ਦੀਆਂ ਛੋਟੀਆਂ ਨਾੜੀਆਂ ‘ਤੇ ਅਸਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸਦਾ ਅਰਥ ਹੈ ਕਿ ਸ਼ਾਇਦ:
- ਉਹ ਥੋੜ੍ਹੀਆਂ ਫੁੱਲ ਜਾਣ (ਮਾਈਕ੍ਰੋਐਨਿਉਰਿਜ਼ਮ)
- ਉਹਨਾਂ ਵਿੱਚੋਂ ਖੂਨ ਨਿਕਲੇ (ਰੈਟੀਨਾ ਵਿੱਚ ਖੂਨ ਵਗਣਾ)
- ਉਹਨਾਂ ਵਿੱਚੋਂ ਤਰਲ ਨਿਕਲੇ (ਏਕਸਿਉਡੇਟਜ਼)
ਬੈਕਗ੍ਰਾਉਂਡ ਰੈਟਿਨੋਪੈਥੀ ਤੁਹਾਡੀ ਨਜ਼ਰ ‘ਤੇ ਅਸਰ ਨਹੀਂ ਕਰਦੀ ਪਰ ਇਸਦਾ ਮਤਲਬ ਹੁੰਦਾ ਹੈ ਕਿ ਤੁਹਾਡੇ ਅੰਦਰ ਵਧੇਰੇ ਗੰਭੀਰ ਤਬਦੀਲੀਆਂ ਹੋਣ ਦੀ ਜ਼ਿਆਦਾ ਸੰਭਾਵਨਾ ਹੈ ਅਤੇ ਉਹਨਾਂ ਕਾਰਨ ਤੁਹਾਡੀ ਨਜ਼ਰ ਨੂੰ ਨੁਕਸਾਨ ਪਹੁੰਚ ਸਕਦਾ ਹੈ।
6. ਜ਼ਿਆਦਾ ਉੱਨਤ ਪੜਾਅ
6.1 ਪ੍ਰੀ-ਪ੍ਰੋਲਿਫੇਰੇਟਿਵ ਰੈਟਿਨੋਪੈਥੀ
ਪ੍ਰੀ-ਪ੍ਰੋਲਿਫੇਰੇਟਿਵ ਰੈਟਿਨੋਪੈਥੀ ਉਸ ਵੇਲੇ ਹੁੰਦੀ ਹੈ ਜਦੋਂ ਰੈਟਿਨਾ ਵਿੱਚ ਤਬਦੀਲੀਆਂ ਬੈਕਗ੍ਰਾਉਂਡ ਰੈਟਿਨੋਪੈਥੀ ਨਾਲੋਂ ਵਧੇਰੇ ਵਿਸਤ੍ਰਿਤ ਹੁੰਦੀਆਂ ਹਨ। ਇਸਦਾ ਅਰਥ ਹੈ ਕਿ ਅਜਿਹੀਆਂ ਤਬਦੀਲੀਆਂ ਵਿਕਸਿਤ ਹੋਣ ਦੇ ਵਧੇਰੇ ਜੋਖਮ ਦੇ ਕਾਰਨ, ਜੋ ਸ਼ਾਇਦ ਤੁਹਾਡੀ ਨਜ਼ਰ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ, ਤੁਹਾਡੀ ਵਧੇਰੇ ਨੇੜਤਾ ਨਾਲ ਨਿਗਰਾਨੀ ਕਰਨ ਦੀ ਲੋੜ ਹੋ ਸਕਦੀ ਹੈ।
6.2 ਪ੍ਰੋਲਿਫੇਰੇਟਿਵ ਰੈਟਿਨੋਪੈਥੀ
ਪ੍ਰੋਲਿਫੇਰੇਟਿਵ ਰੈਟਿਨੋਪੈਥੀ ਵਧੇਰੇ ਗੰਭੀਰ ਹੁੰਦੀ ਹੈ ਅਤੇ ਇਸਦੇ ਕਾਰਨ ਨਜ਼ਰ ਜਾ ਸਕਦੀ ਹੈ। ਇਹ ਤਾਂ ਹੁੰਦੀ ਹੈ ਜੇ ਤੁਹਾਡੀ ਰੈਟਿਨੋਪੈਥੀ ਅੱਗੇ ਵੱਧ ਜਾਂਦੀ ਹੈ ਅਤੇ ਤੁਹਾਡੇ ਰੈਟਿਨਾ ਦੇ ਜ਼ਿਆਦਾ ਵੱਡੇ ਖੇਤਰ ਖੂਨ ਦੀ ਸਹੀ ਸਪਲਾਈ ਤੋਂ ਵਾਂਝੇ ਰਹਿ ਜਾਂਦੇ ਹਨ।
ਪ੍ਰੋਲਿਫੇਰੇਟਿਵ ਰੈਟਿਨੋਪੈਥੀ ਲਈ ਇਲਾਜ ਨਜ਼ਰ ਦੇ ਚਲੇ ਜਾਣ ਦਾ ਜੋਖਮ ਘਟਾ ਦਿੰਦਾ ਹੈ, ਖਾਸ ਕਰਕੇ ਜੇ ਇਹ ਨਜ਼ਰ ‘ਤੇ ਅਸਰ ਹੋਣ ਤੋਂ ਪਹਿਲਾਂ ਕੀਤਾ ਜਾਵੇ।
6.3 ਮੈਕਿਊਲੋਪੈਥੀ
ਮੈਕਿਊਲਾ ਰੈਟਿਨਾ ਦਾ ਛੋਟਾ ਕੇਂਦਰੀ ਹਿੱਸਾ ਹੈ ਜਿਸ ਨੂੰ ਤੁਸੀਂ ਚੀਜ਼ਾਂ ਨੂੰ ਸਪੱਸ਼ਟ ਰੂਪ ਵਿੱਚ ਦੇਖਣ ਲਈ ਵਰਤਦੇ ਹੋ। ਇਹ ਰੈਟਿਨਾ ਦਾ ਸਭ ਤੋਂ ਵੱਧ ਵਰਤਿਆ ਜਾਂਦਾ ਖੇਤਰ ਹੈ ਅਤੇ ਉਹ ਹਿੱਸਾ ਹੈ ਜਿਸ ਨੂੰ ਤੁਸੀਂ ਹੁਣ ਇਹ ਲੀਫਲੈਟ ਪੜ੍ਹਨ ਲਈ ਵਰਤ ਰਹੇ ਹੋ।
ਮੈਕਿਊਲੋਪੈਥੀ ਉਸ ਵੇਲੇ ਹੁੰਦੀ ਹੈ ਜਦੋਂ ਰੈਟਿਨੋਪੈਥੀ ਤੁਹਾਡੇ ਮੈਕਿਊਲਾ ‘ਤੇ ਜਾਂ ਇਸ ਦੇ ਦੁਆਲੇ ਹੁੰਦੀ ਹੈ। ਜੇ ਤੁਹਾਨੂੰ ਮੈਕਿਊਲੋਪੈਥੀ ਹੋਈ ਹੈ, ਤਾਂ ਤੁਹਾਡੀ ਵਧੇਰੇ ਨੇੜਤਾ ਨਾਲ ਨਿਗਰਾਨੀ ਕਰਨ ਜਾਂ ਨਜ਼ਰ ਨੂੰ ਨੁਕਸਾਨ ਦੇ ਜੋਖਮ ਨੂੰ ਘਟਾਉਣ ਲਈ ਇਲਾਜ ਪੇਸ਼ ਕੀਤੇ ਜਾਣ ਦੀ ਲੋੜ ਹੋ ਸਕਦੀ ਹੈ।
7. ਵਧੇਰੇ ਜਾਣਕਾਰੀ
ਤੁਹਾਨੂੰ ਵਧੇਰੇ ਜਾਣਕਾਰੀ ਇਸ ਵੈੱਬਸਾਈਟ ਤੋਂ ਮਿਲ ਸਕਦੀ ਹੈ:
ਇਹ ਪਤਾ ਲਗਾਓ ਕਿ ਪਬਲਿਕ ਹੈਲਥ ਇੰਗਲੈਂਡ ਅਤੇ NHS ਤੁਹਾਡੀ ਸਕ੍ਰੀਨਿੰਗ ਜਾਣਕਾਰੀ ਦੀ ਵਰਤੋਂ ਅਤੇ ਰੱਖਿਆ ਕਿਵੇਂ ਕਰਦੇ ਹਨ।।
ਪਤਾ ਕਰੋ ਕਿ ਸਕ੍ਰੀਨਿੰਗ ਤੋਂ ਬਾਹਰ ਹੋਣ ਦੀ ਚੋਣ ਕਿਵੇਂ ਕਰਨੀ ਹੈ।