ਸੇਧ

ਉੱਚ-ਸੰਭਾਵਨਾ ਸਕ੍ਰੀਨਿੰਗ ਦੇ ਨਤੀਜੇ ਦੇ ਬਾਅਦ ਤੁਹਾਡੀਆਂ ਚੋਣਾਂ

ਅੱਪਡੇਟ ਕੀਤਾ 23 ਅਪ੍ਰੈਲ 2024

Applies to England

ਪਬਲਿਕ ਹੈਲਥ ਇੰਗਲੈਂਡ (PHE) ਨੇ ਇਹ ਜਾਣਕਾਰੀ NHS ਦੀ ਤਰਫ਼ੋਂ ਤਿਆਰ ਕੀਤੀ ਹੈ। ਇਸ ਜਾਣਕਾਰੀ ਵਿੱਚ, ਸ਼ਬਦ ‘ਅਸੀਂ’ ਦਾ ਮਤਲਬ ਉਸ NHS ਸੇਵਾ ਤੋਂ ਹੈ ਜੋ ਸਕ੍ਰੀਨਿੰਗ ਮੁਹੱਈਆ ਕਰਦਾ ਹੈ।


ਇਹ ਪਰਚਾ ਉਹਨਾਂ ਗਰਭਵਤੀ ਔਰਤਾਂ ਲਈ ਹੈ ਜੋ ਸਿਰਫ ਇੱਕ ਬੱਚੇ ਦੇ ਨਾਲ ਅਤੇ ਦੋ ਬੱਚਿਆਂ ਦੇ ਨਾਲ ਗਰਭਵਤੀ ਹਨ ਜਿਨ੍ਹਾਂ ਦਾ ਸੰਯੁਕਤ ਜਾਂ ਚੌਗੁਣੇ ਸਕ੍ਰੀਨਿੰਗ ਟੈਸਟ ਦਾ ਵਧੇਰੇ ਸੰਭਾਵਨਾ ਵਾਲਾ ਨਤੀਜਾ ਆਇਆ ਹੈ। ਇਹ ਟੈਸਟ ਡਾਊਨਜ਼ ਸਿੰਡ੍ਰੋਮ (ਟ੍ਰਾਈਸੋਮੀ 21 ਜਾਂ T21 ਵੀ ਕਿਹਾ ਜਾਂਦਾ ਹੈ), ਐਡਵਰਡਜ਼ ਸਿੰਡ੍ਰੋਮ (ਟ੍ਰਾਈਸੋਮੀ 18 ਜਾਂ T18 ਵੀ ਕਿਹਾ ਜਾਂਦਾ ਹੈ) ਅਤੇ ਪਟਾਉਜ਼ ਸਿੰਡ੍ਰੋਮ (ਟ੍ਰਾਈਸੋਮੀ 13 ਜਾਂ T13 ਵੀ ਕਿਹਾ ਜਾਂਦਾ ਹੈ) ਲਈ ਹਨ।

ਜੇ ਤੁਸੀਂ ਇਸ ਸਥਿਤੀ ਵਿੱਚ ਹੋ, ਤਾਂ ਤੁਹਾਡੇ ਕੋਲ 3 ਵਿਕਲਪ ਹਨ। ਤੁਹਾਡੇ ਇਹ ਕਰਵਾ ਸਕਦੇ ਹੋ:

• ਕੋਈ ਹੋਰ ਟੈਸਟਿੰਗ ਨਹੀਂ • ਇਕ ਵਧੇਰੇ ਸਟੀਕ ਸਕ੍ਰੀਨਿੰਗ ਟੈਸਟ — ਸਰੀਰ ਦੇ ਅੰਦਰ ਦਖ਼ਲ ਨਾ ਦੇਣ ਵਾਲੀ ਟੈਸਟਿੰਗ ਜਨਮ ਤੋਂ ਪਹਿਲਾਂ ਦੀ ਟੈਸਟਿੰਗ (NIPT) — ਜੋ ਤੁਹਾਨੂੰ ਦੱਸਦਾ ਹੈ ਕਿ ਤੁਹਾਡੇ ਬੱਚੇ ਨੂੰ ਸਮੱਸਿਆ ਹੋਣ ਦੀ ਸੰਭਾਵਨਾ ਹੈ ਜਾਂ ਨਹੀਂ • ਇੱਕ ਸਰੀਰ ਅੰਦਰ ਦਖ਼ਲ ਦੇਣ ਵਾਲਾ ਰੋਗ ਦਾ ਪਤਾ ਲਗਾਉਣ ਦਾ ਟੈਸਟ — ਕੋਰੀਓਨਿਕ ਵਿਲਸ ਸੈਂਪਲਿੰਗ — ਜੋ ਨਿਸ਼ਚਤ ‘ਹਾਂ’ ਜਾਂ ‘ਨਹੀਂ’ ਜਵਾਬ ਦਿੰਦਾ ਹੈ

ਇਹ ਪਰਚਾ ਇਨ੍ਹਾਂ 3 ਵਿਕਲਪਾਂ ਦੀ ਵਿਆਖਿਆ ਕਰਦਾ ਹੈ। [ਉਹਨਾਂ ਦਾ ਸਾਰ ]ਹੇਠਾਂ ਫਲੋਚਾਰਟ](#flowchart) ਵਿੱਚ ਦਿੱਤਾ ਗਿਆ ਹੈ। ਇਹ ਡਾਊਨਜ਼ ਸਿੰਡ੍ਰੋਮ, ਐਡਵਰਡਜ਼ ਸਿੰਡ੍ਰੋਮ ਅਤੇ ਪਟਾਉਜ਼ ਸਿੰਡ੍ਰੋਮ ਬਾਰੇ ਵੀ ਜਾਣਕਾਰੀ ਦਿੰਦਾ ਹੈ। ਇਸ ਨੂੰ ਤੁਹਾਡੇ ਸਿਹਤ-ਸੰਭਾਲ ਪੇਸ਼ੇਵਰਾਂ ਨਾਲ ਤੁਹਾਡੇ ਵਿਚਾਰ ਵਟਾਂਦਰੇ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ।

ਤੁਹਾਨੂੰ ਆਪਣੀਆਂ ਚੋਣਾਂ ਬਾਰੇ ਸੋਚਣ ਲਈ ਸਮਾਂ ਦਿੱਤਾ ਜਾਣਾ ਚਾਹੀਦਾ ਹੈ। ਤੁਸੀਂ ਵਧੇਰੇ ਜਾਣਕਾਰੀ ਮੰਗ ਸਕਦੇ ਹੋ ਅਤੇ ਤੁਰੰਤ ਫੈਸਲਾ ਲੈਣ ਦੀ ਲੋੜ ਨਹੀਂ ਹੈ।

ਇਹ ਤੁਹਾਡਾ ਫੈਸਲਾ ਹੈ। ਤੁਹਾਡੇ ਫੈਸਲਿਆਂ ਦਾ ਸਨਮਾਨ ਕੀਤਾ ਜਾਵੇਗਾ ਅਤੇ ਸਿਹਤ ਦੇਖਭਾਲ ਪੇਸ਼ੇਵਰ ਤੁਹਾਡੀ ਸਹਾਇਤਾ ਕਰਨਗੇ। ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡੇ ਫੈਸਲਿਆਂ ਦਾ ਸਤਿਕਾਰ ਨਹੀਂ ਕੀਤਾ ਜਾ ਰਿਹਾ ਹੈ ਤਾਂ ਤੁਹਾਨੂੰ ਆਵਾਜ਼ ਉਠਾਉਣੀ ਚਾਹੀਦੀ ਹੈ।

NHS ਦੀ ਵੈੱਬਸਾਈਟ ਤੋਂ ਵਧੇਰੇ ਜਾਣਕਾਰੀ ਲਵੋ।

ਇਹ ਫਲੋਚਾਰਟ ਤੁਹਾਡੀਆਂ ਚੋਣਾਂ ਦਿਖਾਉਂਦਾ ਹੈ।

ਤੁਹਾਨੂੰ ਸਕ੍ਰੀਨਿੰਗ ਜਾਂ ਰੋਗ ਦਾ ਪਤਾ ਲਗਾਉਣ ਲਈ ਟੈਸਟਾਂ ਦੇ ਜੋ ਵੀ ਨਤੀਜੇ ਮਿਲਦੇ ਹਨ, ਤੁਹਾਨੂੰ ਇਹ ਫੈਸਲਾ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਸਹਾਇਤਾ ਅਤੇ ਦੇਖਭਾਲ ਮਿਲੇਗੀ ਕਿ ਅੱਗੇ ਕੀ ਕਰਨਾ ਹੈ।

ਤੁਸੀਂ ਸਿਰਫ ਜਾਣਕਾਰੀ ਲਈ ਕੋਈ ਵੀ ਟੈਸਟ ਕਰਵਾ ਸਕਦੇ ਹੋ, ਭਾਵੇਂ ਨਤੀਜਾ ਇਸ ਗੱਲ ‘ਤੇ ਅਸਰ ਨਹੀਂ ਪਾਏਗਾ ਕਿ ਕੀ ਤੁਸੀਂ ਆਪਣੀ ਗਰਭ-ਅਵਸਥਾ ਨੂੰ ਜਾਰੀ ਰੱਖਣਾ ਜਾਂ ਖਤਮ ਕਰਨਾ ਚਾਹੁੰਦੇ ਹੋ।

[ਬਹੁਤ ਸਾਰੇ ]ਸੰਗਠਨ ਹਨ ਜਿਨ੍ਹਾਂ ਨਾਲ ਤੁਸੀਂ ਸਹਾਇਤਾ ਲਈ ਸੰਪਰਕ ਕਰ ਸਕਦੇ ਹੋ।](#support)

1. ਸਮੱਸਿਆ ਬਾਰੇ

ਸਾਰੀਆਂ ਔਰਤਾਂ ਨੂੰ ਡਾਊਨਜ਼ ਸਿੰਡ੍ਰੋਮ, ਐਡਵਰਡਜ਼ ਸਿੰਡ੍ਰੋਮ ਜਾਂ ਪਟਾਉਜ਼ ਸਿੰਡ੍ਰੋਮ ਵਾਲਾ ਬੱਚਾ ਪੈਦਾ ਹੋਣ ਦੀ ਸੰਭਾਵਨਾ ਹੁੰਦੀ ਹੈ। ਤੁਹਾਡੇ ਜਾਂ ਤੁਹਾਡੇ ਸਾਥੀ ਦੁਆਰਾ ਕੀਤੀ ਗਈ ਜਾਂ ਨਾ ਕੀਤੀ ਗਈ ਅਜਿਹੀ ਕੋਈ ਚੀਜ਼ ਨਹੀਂ ਹੈ ਜੋ ਇਸ ਸੰਭਾਵਨਾ ਵਿੱਚ ਕੋਈ ਫਰਕ ਪਾਂਦੀ ਹੈ।

ਸਮੱਸਿਆਵਾਂ ਬੱਚੇ ‘ਤੇ ਕਿਸ ਤਰ੍ਹਾਂ ਅਸਰ ਪਾਉਂਦੀਆਂ ਹਨ ਇਹ ਕਈ ਕਾਰਕਾਂ ‘ਤੇ ਨਿਰਭਰ ਕਰੇਗਾ ਹੈ ਅਤੇ ਇਸਦੀ ਬੱਚੇ ਦੇ ਜਨਮ ਤੋਂ ਪਹਿਲਾਂ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ।

1.1 ਡਾਊਨਜ਼ ਸਿੰਡ੍ਰੋਮ (ਟ੍ਰਾਈਸੋਮੀ 21)

ਡਾਊਨਜ਼ ਸਿੰਡ੍ਰੋਮ ਵਾਲੇ ਸਾਰੇ ਲੋਕਾਂ ਦੀ ਸਿੱਖਣ ਸਬੰਧੀ ਅਸਮਰਥਤਾ ਹੁੰਦੀ ਹੈ। ਇਸਦਾ ਅਰਥ ਇਹ ਹੈ ਕਿ ਵਿਕਾਸ ਅਤੇ ਨਵੀਆਂ ਚੀਜ਼ਾਂ ਸਿੱਖਣ ਵਿੱਚ ਵਧੇਰੇ ਸਮਾਂ ਲੱਗ ਸਕਦਾ ਹੈ। ਹੁਣ ਇਸ ਬਾਰੇ ਵਧੇਰੇ ਸਮਝ ਹੈ ਕਿ ਡਾਊਨਜ਼ ਸਿੰਡ੍ਰੋਮ ਵਾਲੇ ਬੱਚੇ ਕਿਵੇਂ ਸਿੱਖਦੇ ਹਨ। ਸਕੂਲਾਂ ਵਿੱਚ ਸਹਾਇਤਾ ਮੁਹੱਈਆ ਕੀਤੀ ਜਾ ਸਕਦੀ ਹੈ।

ਸਮਾਜ ਵਿੱਚ ਸ਼ਮੂਲੀਅਤ ਦੇ ਮੌਕੇ ਪਹਿਲਾਂ ਨਾਲੋਂ ਕਿਤੇ ਵੱਧ ਹਨ। ਹਾਲਾਂਕਿ, ਵਿਅਕਤੀ ਬਹੁਤ ਵੱਖ-ਵੱਖ ਹੁੰਦੇ ਹਨ, ਅਤੇ ਉਹਨਾਂ ਦੀਆਂ ਵੱਖ-ਵੱਖ ਲੋੜਾਂ ਹੁੰਦੀਆਂ ਹਨ। ਬੱਚੇ ਦੇ ਜਨਮ ਤੋਂ ਪਹਿਲਾਂ ਇਨ੍ਹਾਂ ਲੋੜਾਂ ਦਾ ਅਨੁਮਾਨ ਨਹੀਂ ਲਗਾਇਆ ਜਾ ਸਕਦਾ।

ਡਾਊਨਜ਼ ਸਿੰਡ੍ਰੋਮ ਵਾਲੇ ਲੋਕਾਂ ਵਿਚ ਕੁਝ ਸਿਹਤ ਸਮੱਸਿਆਵਾਂ ਜ਼ਿਆਦਾ ਆਮ ਹੁੰਦੀਆਂ ਹਨ। ਇਨ੍ਹਾਂ ਵਿੱਚ ਦਿਲ ਦੀਆਂ ਸਮੱਸਿਆਵਾਂ, ਅਤੇ ਨਾਲ ਹੀ ਨਜ਼ਰ ਅਤੇ ਸੁਣਨ ਦੀਆਂ ਸਮੱਸਿਆਵਾਂ ਸ਼ਾਮਲ ਹਨ। ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਦਾ ਇਲਾਜ ਕੀਤਾ ਜਾ ਸਕਦਾ ਹੈ, ਹਾਲਾਂਕਿ ਬਦਕਿਸਮਤੀ ਨਾਲ ਤਕਰੀਬਨ 5% ਬੱਚੇ ਆਪਣੇ ਪਹਿਲੇ ਜਨਮਦਿਨ ਤੋਂ ਬਾਅਦ ਜਿਉਂਦੇ ਨਹੀਂ ਰਹਿਣਗੇ। ਗੰਭੀਰ ਸਿਹਤ ਸਮੱਸਿਆਵਾਂ ਦੇ ਬਿਨਾਂ ਵਾਲੇ ਬੱਚਿਆਂ ਲਈ ਬਚਣਾ ਦੂਜੇ ਬੱਚਿਆਂ ਦੀ ਤਰ੍ਹਾਂ ਹੀ ਹੁੰਦਾ ਹੈ। ਡਾਊਨਜ਼ ਸਿੰਡ੍ਰੋਮ ਵਾਲੇ ਜ਼ਿਆਦਾਤਰ ਲੋਕ ਉਨ੍ਹਾਂ ਦੇ 60 ਜਾਂ ਇਸ ਤੋਂ ਵੱਧ ਉਮਰ ਤਕ ਜਿਉਂਦੇ ਹਨ।

ਡਾਊਨਜ਼ ਸਿੰਡ੍ਰੋਮ ਵਾਲੇ ਜ਼ਿਆਦਾਤਰ ਲੋਕ ਤੰਦਰੁਸਤ ਅਤੇ ਸੰਪੂਰਨ ਜ਼ਿੰਦਗੀ ਜਿਉਂਦੇ ਹਨ। ਮਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਬੱਚਿਆਂ ਦਾ ਪਰਿਵਾਰਕ ਜੀਵਨ ‘ਤੇ ਸਕਾਰਾਤਮਕ ਅਸਰ ਹੁੰਦਾ ਹੈ। ਸਹਾਇਤਾ ਦੇ ਨਾਲ, ਬਹੁਤ ਸਾਰੇ ਬਾਲਗ ਹੁਣ ਨੌਕਰੀਆਂ ਪ੍ਰਾਪਤ ਕਰਨ, ਸੰਬੰਧ ਬਣਾਉਣ ਅਤੇ ਆਪਣੀ ਪਸੰਦ ਦੇ ਘਰਾਂ ਵਿੱਚ ਰਹਿਣ ਦੇ ਯੋਗ ਹਨ।

NHS ਦੀ ਵੈੱਬਸਾਈਟ ‘ਤੇ ਹੋਰ ਜਾਣਕਾਰੀ ਲਵੋ ਅਤੇ ਡਾਊਨਜ਼ ਸਿੰਡ੍ਰੋਮ ਵਾਲੇ ਬੱਚਿਆਂ ਅਤੇ ਬਾਲਗਾਂ ਦੀਆਂ ਫੋਟੋਆਂ ਦੇਖੋ।

ਡਾਊਨਜ਼ ਸਿੰਡ੍ਰੋਮ ਐਸੋਸਿਏਸ਼ਨ ਗਰਭਵਤੀ ਔਰਤਾਂ ਅਤੇ ਜੋੜਿਆਂ ਨੂੰ ਵੀ ਜਾਣਕਾਰੀ ਮੁਹੱਈਆ ਕਰਦੀ ਹੈ। ਉਹਨਾਂ ਕੋਲ ਡਾਊਨਜ਼ ਸਿੰਡ੍ਰੋਮ ਬਾਰੇ ਸੁਣਨ ਅਤੇ ਵਧੇਰੇ ਜਾਣਕਾਰੀ ਦੇਣ ਲਈ ਸਮਾਂ ਅਤੇ ਮਹਾਰਤ ਹੈ। ਉਹਨਾਂ ਦੀ ਹੈਲਪਲਾਈਨ 0333 12 12 300 ਹੈ।

1.2 ਐਡਵਰਡਜ਼ ਸਿੰਡ੍ਰੋਮ (ਟ੍ਰਾਈਸੋਮੀ 18) ਅਤੇ ਪਟਾਉਜ਼ ਸਿੰਡ੍ਰੋਮ (ਟ੍ਰਾਈਸੋਮੀ 13)

ਐਡਵਰਡਜ਼ ਸਿੰਡ੍ਰੋਮ ਅਤੇ ਪਟਾਉਜ਼ ਸਿੰਡ੍ਰੋਮ ਨੂੰ ਜੀਵਨ ਨੂੰ ਸੀਮਿਤ ਕਰਨ ਵਾਲੀਆਂ ਸਮੱਸਿਆਵਾਂ ਮੰਨਿਆ ਜਾਂਦਾ ਹੈ। ਇਸਦਾ ਅਰਥ ਹੈ ਕਿ ਉਹ ਪ੍ਰਭਾਵਿਤ ਕਰਦੇ ਹਨ ਕਿ ਬੱਚਾ ਕਿੰਨਾ ਚਿਰ ਜਿਉਂਦਾ ਰਹੇਗਾ। ਅਫ਼ਸੋਸ ਦੀ ਗੱਲ ਇਹ ਹੈ ਕਿ ਜਿਉਂਦਾ ਰਹਿਣ ਦੀ ਦਰ ਘੱਟ ਹੈ ਅਤੇ ਤਕਰੀਬਨ ਐਡਵਰਡਜ਼ ਸਿੰਡ੍ਰੋਮ ਦੇ ਨਾਲ ਜਿਉਂਦੇ ਪੈਦਾ ਹੋਣ ਵਾਲੇ 13%, ਅਤੇ ਪਟਾਉਜ਼ ਸਿੰਡ੍ਰੋਮ ਨਾਲ ਪੈਦਾ ਹੋਣ ਵਾਲੇ 11% ਬੱਚੇ ਆਪਣੇ ਪਹਿਲੇ ਜਨਮਦਿਨ ਤੋਂ ਬਾਦ ਤੱਕ ਜਿਉਂਦੇ ਰਹਿਣਗੇ। ਇਕ ਸਾਲ ਤਕ ਜਿਉਂਦਾ ਰਹਿਣ ਵਾਲੇ ਬੱਚਿਆਂ ਦੇ 5 ਸਾਲ ਤਕ ਪਹੁੰਚਣ ਦੀ 80% ਸੰਭਾਵਨਾ ਹੁੰਦੀ ਹੈ। ਕੁਝ ਬਾਲਗ ਉਮਰ ਤਕ ਜਾਣਗੇ ਪਰ ਇਹ ਬਹੁਤ ਵਿਰਲੇ ਹੁੰਦਾ ਹੈ।

ਐਡਵਰਡਜ਼ ਸਿੰਡ੍ਰੋਮ ਅਤੇ ਪਟਾਉਜ਼ ਸਿੰਡ੍ਰੋਮ ਦੇ ਨਾਲ ਪੈਦਾ ਹੋਏ ਸਾਰੇ ਬੱਚਿਆਂ ਵਿੱਚ ਦੇਰੀ ਨਾਲ ਸਿੱਖਣ ਅਤੇ ਸਰੀਰਕ ਵਿਕਾਸ ਹੋਵੇਗਾ ਅਤੇ ਬਹੁਤ ਕਿਸਮ ਦੀਆਂ ਸਿਹਤ ਸੰਬੰਧੀ ਚੁਣੌਤੀਆਂ ਹੋਣਗੀਆਂ, ਜਿਨ੍ਹਾਂ ਵਿੱਚੋਂ ਕੁਝ ਬਹੁਤ ਗੰਭੀਰ ਹੋ ਸਕਦੀਆਂ ਹਨ। ਉਹਨਾਂ ਦੇ ਦਿਲ ਵਿੱਚ ਸਮੱਸਿਆਵਾਂ, ਨਿਗਲਣ ਅਤੇ ਖਾਣ ਦੀਆਂ ਮੁਸ਼ਕਲਾਂ, ਸਾਹ ਵਿੱਚ ‘ਵਿਰਾਮ’ (ਐਪਨੀਆ) ਸਮੇਤ ਦੌਰੇ ਅਤੇ ਸਾਹ ਲੈਣ ਵਿੱਚ ਮੁਸ਼ਕਲਾਂ ਹੋ ਸਕਦੀਆਂ ਹਨ। ਉਹਨਾਂ ਦਾ ਜਨਮ ਦੇ ਸਮੇਂ ਭਾਰ ਵੀ ਘੱਟ ਹੋਵੇਗਾ।

ਆਪਣੀਆਂ ਮੁਸ਼ਕਲਾਂ ਦੇ ਬਾਵਜੂਦ ਬੱਚੇ ਹੌਲੀ-ਹੌਲੀ ਆਪਣੇ ਵਿਕਾਸ ਵਿੱਚ ਤਰੱਕੀ ਕਰ ਸਕਦੇ ਹਨ। ਵੱਡੇ ਨਿਆਣੇ ਅਤੇ ਬੱਚੇ ਸੰਚਾਰ ਦਾ ਕੁਝ ਪੱਧਰ ਦਰਸਾ ਸਕਦੇ ਹਨ ਅਤੇ ਕੁਝ ਖੜ੍ਹੇ ਹੋ ਕੇ ਸਹਾਇਤਾ ਨਾਲ ਤੁਰਦੇ ਹਨ। ਵੱਡੇ ਬੱਚਿਆਂ ਨੂੰ ਕਿਸੇ ਵਿਸ਼ੇਸ਼ ਸਕੂਲ ਵਿੱਚ ਜਾਣ ਦੀ ਲੋੜ ਹੋਵੇਗੀ।

NHS ਦੀ ਵੈੱਬਸਾਈਟ ‘ਤੇ ਹੋਰ ਜਾਣਕਾਰੀ ਲਵੋ ਅਤੇ ਐਡਵਰਡਜ਼ ਸਿੰਡ੍ਰੋਮ ਅਤੇ ਪਟਾਉਜ਼ ਸਿੰਡ੍ਰੋਮ ਵਾਲੇ ਬੱਚਿਆਂ ਦੀਆਂ ਫੋਟੋਆਂ ਦੇਖੋ।

SOFT ਐਡਵਰਡਜ਼ ਸਿੰਡ੍ਰੋਮ ਅਤੇ ਪਟਾਉਜ਼ ਸਿੰਡ੍ਰੋਮ ਤੋਂ ਪ੍ਰਭਾਵਿਤ ਪਰਿਵਾਰਾਂ ਲਈ ਸਮਰਥਨ ਅਤੇ ਮਦਦ ਮੁਹੱਈਆ ਕਰਦਾ ਹੈ।

2. ਕੋਈ ਹੋਰ ਟੈਸਟਿੰਗ ਨਹੀਂ

ਜੇ ਤੁਸੀਂ ਕੋਈ ਹੋਰ ਟੈਸਟ ਨਾ ਕਰਵਾਉਣ ਦਾ ਫੈਸਲਾ ਕਰਦੇ ਹੋ ਤਾਂ ਵੀ ਤੁਹਾਨੂੰ ਤੁਹਾਡੀ ਰੁਟੀਨ ਜਨਮ ਤੋਂ ਪਹਿਲਾਂ ਦੇ ਦੇਖਭਾਲ ਦੇ ਸਾਰੇ ਹੋਰ ਹਿੱਸਿਆਂ ਦੀ ਪੇਸ਼ਕਸ਼ ਕੀਤੀ ਜਾਏਗੀ। ਤੁਹਾਡੀ ਮਿਡਵਾਈਫ ਤੁਹਾਨੂੰ ਸਮਝਾਏਗੀ ਕਿ ਤੁਹਾਡੇ ਲਈ ਇਸਦਾ ਕੀ ਅਰਥ ਹੈ।

3. ਸਰੀਰ ਦੇ ਅੰਦਰ ਦਖ਼ਲ ਨਾ ਦੇਣ ਵਾਲੀ ਜਨਮ ਤੋਂ ਪਹਿਲਾਂ ਦੀ ਟੈਸਟਿੰਗ

ਸਰੀਰ ਦੇ ਅੰਦਰ ਦਖ਼ਲ ਨਾ ਦੇਣ ਵਾਲੀ ਜਨਮ ਤੋਂ ਪਹਿਲਾਂ ਦੀ ਟੈਸਟਿੰਗ (NIPT) ਪਹਿਲੇ ਸਕ੍ਰੀਨਿੰਗ ਟੈਸਟ (ਸੰਯੁਕਤ ਜਾਂ ਚੌਗੁਣਾ ਟੈਸਟ) ਦੀ ਤੁਲਨਾ ਵਿੱਚ ਵਧੇਰੇ ਸਟੀਕ ਸਕ੍ਰੀਨਿੰਗ ਟੈਸਟ ਹੈ। ਇਸ ਵਿੱਚ ਤੁਹਾਡੀ ਬਾਂਹ ਤੋਂ ਕੁਝ ਖੂਨ ਲੈਣਾ ਸ਼ਾਮਲ ਹੁੰਦਾ ਹੈ। ਇਹ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਬੱਚੇ ਨੂੰ ਨੁਕਸਾਨ ਨਹੀਂ ਪਹੁੰਚਾਏਗੀ।

NIPT ਤੁਹਾਨੂੰ ਨਿਸ਼ਚਿਤ ਤੌਰ ‘ਤੇ ਨਹੀਂ ਦੱਸਦੀ ਕਿ ਕੀ ਬੱਚੇ ਨੂੰ ਡਾਊਨਜ਼ ਸਿੰਡ੍ਰੋਮ, ਐਡਵਰਡਜ਼ ਸਿੰਡ੍ਰੋਮ ਜਾਂ ਪਟਾਉਜ਼ ਸਿੰਡ੍ਰੋਮ ਹੈ। ਕਿਸੇ ਵੀ ਸਕ੍ਰੀਨਿੰਗ ਟੈਸਟ ਦੀ ਤਰ੍ਹਾਂ, NIPT ਕੋਈ ਨਿਸ਼ਚਿਤ ਉੱਤਰ ਨਹੀਂ ਦਿੰਦਾ ਹੈ। ਇਸ ਨੂੰ ਹੋਰ ਸਮੱਸਿਆਵਾਂ ਲੱਭਣ ਜਾਂ ਤੁਹਾਨੂੰ ਇਹ ਦੱਸਣ ਲਈ ਨਹੀਂ ਵਰਤਿਆ ਜਾਵੇਗਾ ਕਿ ਬੱਚਾ ਲੜਕਾ ਹੈ ਜਾਂ ਲੜਕੀ। NIPT ਗਰਭ ਅਵਸਥਾ ਦੇ 21+6 ਹਫ਼ਤਿਆਂ ਤੱਕ NHS ਸਕ੍ਰੀਨਿੰਗ ਦੇ ਹਿੱਸੇ ਵਜੋਂ ਪੇਸ਼ ਕੀਤਾ ਜਾਵੇਗਾ।

4. NIPT ਕਿਵੇਂ ਕੰਮ ਕਰਦਾ ਹੈ

NIPT ਵਿੱਚ ਤੁਹਾਡੇ ਖੂਨ ਵਿੱਚ DNA (ਜੈਨੇਟਿਕ ਸਮੱਗਰੀ) ਨੂੰ ਮਾਪਣਾ ਸ਼ਾਮਲ ਹੁੰਦਾ ਹੈ। ਤੁਹਾਡਾ ਬੱਚਾ ਨਾੜੂਏ ਰਾਹੀਂ ਤੁਹਾਡੀ ਬੱਚੇਦਾਨੀ ਵਿੱਚ ਪਲੇਸੈਂਟਾ ਨਾਲ ਜੁੜਿਆ ਹੁੰਦਾ ਹੈ। ਤੁਹਾਡੀ ਗਰਭ-ਅਵਸਥਾ ਦੇ ਦੌਰਾਨ ਪਲੇਸੈਂਟਾ ਤੁਹਾਡੇ ਖੂਨ ਵਿੱਚ ਕੁਝ DNA ਛੱਡਦਾ ਹੈ। ਨਤੀਜੇ ਵਜੋਂ, ਤੁਹਾਡੇ ਖੂਨ ਵਿੱਚ ਤੁਹਾਡੇ ਅਤੇ ਬੱਚੇ ਦੇ ਪਲੇਸੈਂਟਾ ਤੋਂ DNA ਦਾ ਮਿਸ਼ਰਣ ਹੁੰਦਾ ਹੈ।

ਜੇ NIPT ਨੂੰ ਤੁਹਾਡੇ ਖੂਨ ਵਿੱਚ ਕ੍ਰੋਮੋਸੋਮ 21, 18 ਜਾਂ 13 ਲਈ ਉਮੀਦ ਨਾਲੋਂ ਵੱਧ DNA ਮਿਲਦਾ ਹੈ ਤਾਂ ਇਸਦਾ ਮਤਲਬ ਹੋ ਸਕਦਾ ਹੈ ਕਿ ਬੱਚੇ ਨੂੰ ਇਹਨਾਂ ਵਿੱਚੋਂ ਇੱਕ ਸਮੱਸਿਆ ਹੈ।

ਜ਼ਿਆਦਾਤਰ ਮਾਮਲਿਆਂ ਵਿੱਚ, ਪਲੇਸੈਂਟਾ ਦਾ DNA ਬੱਚੇ ਦੇ DNA ਵਰਗਾ ਹੀ ਹੁੰਦਾ ਹੈ। NIPT ਦੇ 100% ਸਹੀ ਨਾ ਹੋਣ ਦਾ ਇੱਕ ਕਾਰਨ ਇਹ ਹੈ ਕਿ ਇਹ ਪਲੇਸੈਂਟਾ ਤੋਂ DNA ਦੀ ਜਾਂਚ ਕਰਦਾ ਹੈ ਅਤੇ ਬਹੁਤ ਵਿਰਲੇ ਮਾਮਲਿਆਂ ਵਿੱਚ ਇਹ ਬੱਚੇ ਦੇ DNA ਵਰਗਾ ਨਹੀਂ ਹੁੰਦਾ। ਇਸ ਨੂੰ ਸੀਮਿਤ ਪਲੇਸੈਂਟਲ ਮੋਜ਼ੇਸਿਜ਼ਮ (confined placental mosaicism) ਕਿਹਾ ਜਾਂਦਾ ਹੈ।

ਯਾਦ ਰੱਖੋ ਕਿ NIPT ਲੈਬੋਰਟਰੀ ਦੁਆਰਾ NIPT ਖੂਨ ਦੇ ਨਮੂਨਿਆਂ ਨੂੰ ਗੁਣਵੱਤਾ ਦੇ ਉਦੇਸ਼ਾਂ ਲਈ 5 ਸਾਲਾਂ ਤਕ ਰੱਖਿਆ ਜਾ ਸਕਦਾ ਹੈ। ਜੇ ਤੁਸੀਂ ਨਹੀਂ ਚਾਹੁੰਦੇ ਹੋ ਕਿ ਤੁਹਾਡਾ NIPT ਖੂਨ ਦਾ ਨਮੂਨਾ ਇਸ ਤਰ੍ਹਾਂ ਰੱਖਿਆ ਜਾਵੇ ਤਾਂ ਕਿਰਪਾ ਕਰਕੇ ਆਪਣੀ ਦਾਈ ਨੂੰ ਦੱਸੋ।

5. NIPT ਚੋਣਾਂ

ਜੇ ਤੁਸੀਂ NIPT ਕਰਵਾਉਣ ਦੀ ਫੈਸਲਾ ਕਰਦੇ ਹੋ, ਤਾਂ ਤੁਸੀਂ ਇਹ ਇਸਦੇ ਲਈ ਕਰਵਾ ਸਕਦੇ ਹੋ:

  • ਸਾਰੀਆਂ 3 ਸਮੱਸਿਆਵਾਂ
  • ਸਿਰਫ ਡਾਊਨਜ਼ ਸਿੰਡ੍ਰੋਮ
  • ਸਿਰਫ ਐਡਵਰਡਜ਼ (Edwards’) ਸਿੰਡ੍ਰੋਮ ਅਤੇ ਪਟਾਉਜ਼ (Patau’s) ਸਿੰਡ੍ਰੋਮ

ਫੈਸਲਾ ਲੈਣ ਤੋਂ ਪਹਿਲਾਂ ਤੁਹਾਨੂੰ ਆਪਣੇ ਸਿਹਤ-ਸੰਭਾਲ ਪੇਸ਼ੇਵਰ ਨਾਲ ਆਪਣੀਆਂ ਚੋਣਾਂ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਵਿਸ਼ੇਸ਼ ਤੌਰ ‘ਤੇ, ਜੇ ਤੁਹਾਡੇ ਕੋਲ ਪਹਿਲੇ ਸਕ੍ਰੀਨਿੰਗ ਟੈਸਟ (ਸੰਯੁਕਤ ਜਾਂ ਚੌਗੁਣਾ ਟੈਸਟ) ਤੋਂ ਬਹੁਤ ਉੱਚਾ ਸੰਭਾਵਨਾ ਵਾਲਾ ਨਤੀਜਾ ਸੀ (‘2 ਵਿੱਚ 1 ‘ ਤੋਂ ‘10 ਵਿੱਚ 1’), ਤਾਂ NIPT ਦੇ ਲਾਭ ਘੱਟ ਸਪੱਸ਼ਟ ਹੁੰਦੇ ਹਨ।

ਹੋ ਸਕਦਾ ਹੈ NIPT ਹਰੇਕ ਵਿਅਕਤੀ ਲਈ ਉਚਿਤ ਨਾ ਹੋਵੇ। ਇਹ ਜਾਂਚ ਕਰਨ ਲਈ ਕਿ ਤੁਹਾਡੇ ਲਈ ਢੁਕਵਾਂ ਹੈ ਜਾਂ ਨਹੀਂ, ਤੁਹਾਨੂੰ ਆਪਣੇ ਸਿਹਤ-ਸੰਭਾਲ ਪੇਸ਼ੇਵਰ ਨਾਲ ਵਿਚਾਰ-ਵਟਾਂਦਰੇ ਕਰਨੇ ਚਾਹੀਦੇ ਹਨ।

6. NIPT ਨਤੀਜੇ

ਤੁਸੀਂ ਆਮ ਤੌਰ ‘ਤੇ ਚੁਣ ਸਕਦੇ ਹੋ ਕਿ ਕੀ NIPT ਦੇ ਨਤੀਜੇ ਫੋਨ ਦੁਆਰਾ ਪ੍ਰਾਪਤ ਕਰਨੇ ਹਨ ਜਾਂ ਆਹਮੋ-ਸਾਹਮਣੇ। ਆਪਣੀ ਮਿਡਵਾਈਫ ਨਾਲ ਆਪਣੀਆਂ ਤਰਜੀਹਾਂ ਪਸੰਦ ਬਾਰੇ ਵਿਚਾਰ ਕਰੋ। ਜ਼ਿਆਦਾਤਰ ਔਰਤਾਂ ਨੂੰ ਆਪਣਾ ਨਤੀਜਾ NIPT ਕਰਵਾਉਣ ਦੇ 2 ਹਫ਼ਤਿਆਂ ਦੇ ਅੰਦਰ ਮਿਲ ਜਾਵੇਗਾ।

ਤੁਹਾਡੀ NIPT ਸਕ੍ਰੀਨਿੰਗ ਚੋਣ ਦੇ ਅਧਾਰ ‘ਤੇ, ਤੁਹਾਡੇ 3 ਤਕ ਨਤੀਜਿਆਂ ਦੀ ਰਿਪੋਰਟ ਕੀਤੀ ਜਾਵੇਗੀ। ਤੁਹਾਨੂੰ ਇਹ ਮਿਲ ਸਕਦਾ ਹੈ:

  • ਇਕ ਡਾਊਨਜ਼ ਸਿੰਡ੍ਰੋਮ ਲਈ, ਇੱਕ ਐਡਵਰਡਜ਼ ਸਿੰਡ੍ਰੋਮ ਲਈ ਅਤੇ ਇੱਕ ਪਟਾਉਜ਼ ਸਿੰਡ੍ਰੋਮ ਲਈ, ਜਾਂ
  • ਇੱਕ ਡਾਊਨਜ਼ ਸਿੰਡ੍ਰੋਮ ਲਈ, ਜਾਂ
  • ਇੱਕ ਐਡਵਰਡਜ਼ ਸਿੰਡ੍ਰੋਮ ਲਈ ਅਤੇ ਇੱਕ ਪਟਾਉਜ਼ ਸਿੰਡ੍ਰੋਮ ਲਈ

ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ NIPT ਹਾਲੇ ਵੀ ਇੱਕ ਸਕ੍ਰੀਨਿੰਗ ਟੈਸਟ ਹੈ। ਨਤੀਜੇ ਦੀ ਸਕ੍ਰੀਨ ਕੀਤੀਆਂ ਗਈਆਂ ਸਮੱਸਿਆਵਾਂ ਦੀ ਉੱਚ-ਸੰਭਾਵਨਾ ਜਾਂ ਘੱਟ-ਸੰਭਾਵਨਾ ਵਜੋਂ ਰਿਪੋਰਟ ਦਿੱਤੀ ਜਾਵੇਗੀ।

NIPT ਇਹ ਕਰਵਾਉਣ ਦੀ ਚੋਣ ਕਰਨ ਵਾਲੀਆਂ ਜ਼ਿਆਦਾਤਰ ਔਰਤਾਂ ਲਈ ਇੱਕ ਸਟੀਕ ਨਤੀਜਾ ਦੇਵੇਗੀ ਪਰ ਗਲਤ ਪਾਜ਼ਿਟਿਵ ਅਤੇ ਗਲਤ ਨੈਗੇਟਿਵ ਨਤੀਜੇ ਵੀ ਹੋ ਸਕਦੇ ਹਨ। ਗਲਤ ਪਾਜ਼ਿਟਿਵ ਨਤੀਜੇ ਦਾ ਅਰਥ ਹੈ ਉੱਚ-ਸੰਭਾਵਨਾ ਵਾਲਾ ਨਤੀਜਾ ਪ੍ਰਾਪਤ ਕਰਨਾ ਜਦੋਂ ਬੱਚੇ ਨੂੰ ਸਮੱਸਿਆ ਨਹੀਂ ਹੁੰਦੀ। ਗਲਤ ਨੈਗੇਟਿਵ ਨਤੀਜੇ ਦਾ ਅਰਥ ਹੈ ਘੱਟ-ਸੰਭਾਵਨਾ ਵਾਲਾ ਨਤੀਜਾ ਪ੍ਰਾਪਤ ਕਰਨਾ ਜਦੋਂ ਬੱਚੇ ਨੂੰ ਸਮੱਸਿਆ ਹੁੰਦੀ ਹੈ।

ਸਬੂਤ ਸੰਕੇਤ ਦਿੰਦੇ ਹਨ ਕਿ NIPT, ਡਾਊਨਜ਼ ਸਿੰਡ੍ਰੋਮ ਦੀ ਤੁਲਨਾ ਵਿੱਚ ਐਡਵਰਡਜ਼ ਸਿੰਡ੍ਰੋਮ ਅਤੇ ਪਟਾਉਜ਼ ਸਿੰਡ੍ਰੋਮ ਲਈ ਘੱਟ ਸਟੀਕ ਹੈ। ਹਾਲਾਂਕਿ ਇਹ ਸੁਝਾਅ ਦਿੱਤਾ ਗਿਆ ਹੈ ਕਿ ਇਹ ਇਸ ਲਈ ਹੈ ਕਿਉਂਕਿ ਇਹਨਾਂ ਬੱਚਿਆਂ ਵਿੱਚ ਪਲੇਸੈਂਟਾ ਛੋਟੇ ਹੁੰਦੇ ਹਨ, ਕਾਰਨਾਂ ਨੂੰ ਪੂਰੀ ਤਰ੍ਹਾਂ ਸਮਝਿਆ ਨਹੀਂ ਗਿਆ ਹੈ। NIPT ਦੋ ਬੱਚਿਆਂ ਵਾਲੀਆਂ ਗਰਭ-ਅਵਸਥਾਵਾਂ ਵਿੱਚ ਵੀ ਸ਼ਾਇਦ ਘੱਟ ਸਟੀਕ ਹੋ ਸਕਦਾ ਹੈ।

ਅਸੀਂ ਹਮੇਸ਼ਾਂ ਸਲਾਹ ਦਿੰਦੇ ਹਾਂ ਕਿ ਤੁਸੀਂ ਵਿਅਕਤੀਗਤ NIPT ਨਤੀਜੇ ਬਾਰੇ ਆਪਣੇ ਸਿਹਤ-ਸੰਭਾਲ ਪੇਸ਼ੇਵਰ ਦੇ ਨਾਲ ਆਪਣੇ ਚਰਚਾ ਕਰੋ।

6.1 ਘੱਟ-ਸੰਭਾਵਨਾ ਵਾਲਾ ਨਤੀਜਾ

NIPT ਕਰਵਾਉਣ ਵਾਲੀਆਂ ਜ਼ਿਆਦਾਤਰ ਔਰਤਾਂ ਦਾ ਘੱਟ-ਸੰਭਾਵਨਾ ਵਾਲਾ ਨਤੀਜਾ ਆਵੇਗਾ। NIPT ਇੱਕ ਸਕ੍ਰੀਨਿੰਗ ਟੈਸਟ ਹੈ ਇਸ ਲਈ 100% ਸਟੀਕ ਨਹੀਂ ਹੈ, ਪਰ ਇਸਦੇ ਬਹੁਤ ਘੱਟ ਗਲਤ ਨੈਗੇਟਿਵ ਨਤੀਜੇ ਹੁੰਦੇ ਹਨ। ਜੇ ਤੁਹਾਡਾ ਸੰਯੁਕਤ ਜਾਂ ਚੌਗੁਣੇ ਟੈਸਟ ਦਾ ਨਤੀਜਾ ਬਹੁਤ ਉੱਚ ਸੰਭਾਵਨਾ ਰਿਹਾ ਹੈ (ਜਿਵੇਂ ‘2 ਵਿੱਚ 1’ ਅਤੇ ‘10 ਵਿੱਚ 1’) ਤਾਂ ਇੱਕ ਗਲਤ ਨੈਗੇਟਿਵ ਨਤੀਜਾ ਜ਼ਿਆਦਾ ਆਮ ਹੁੰਦਾ ਹੈ। ਇਸ ਲਈ ਕੁਝ ਔਰਤਾਂ ਅਜਿਹੀਆਂ ਹੋਣਗੀਆਂ ਜਿਨ੍ਹਾਂ ਨੂੰ NIPT ਦੇ ਘੱਟ-ਸੰਭਾਵਨਾ ਨਤੀਜੇ ਮਿਲਦੇ ਹਨ ਪਰ ਜਿਨ੍ਹਾਂ ਦੇ ਬੱਚੇ ਨੂੰ ਇਹਨਾਂ ਵਿੱਚੋਂ ਕੋਈ ਸਮੱਸਿਆ ਨਹੀਂ ਹੁੰਦੀ ਹੈ।

ਘੱਟ-ਸੰਭਾਵਨਾ ਵਾਲੇ NIPT ਨਤੀਜੇ ਦੇ ਬਾਅਦ ਤੁਹਾਨੂੰ ਰੋਗ ਦਾ ਪਤਾ ਲਗਾਉਣ ਲਈ ਟੈਸਟ ਦੀ ਪੇਸ਼ਕਸ਼ ਨਹੀਂ ਕੀਤੀ ਜਾਏਗੀ। ਤੁਹਾਨੂੰ ਆਮ ਜਨਮ ਤੋਂ ਪਹਿਲਾਂ ਦੀ ਦੇਖਭਾਲ ਮਿਲਦੀ ਰਹੇਗੀ।

6.2 ਉੱਚਾ-ਸੰਭਾਵਨਾ ਵਾਲਾ ਨਤੀਜਾ

ਉੱਚ-ਸੰਭਾਵਨਾ NIPT ਨਤੀਜਾ ਆਉਣ ਦਾ ਇਹ ਮਤਲਬ ਨਹੀਂ ਹੁੰਦਾ ਕਿ ਬੱਚੇ ਨੂੰ ਨਿਸ਼ਚਿਤ ਤੌਰ ‘ਤੇ ਇਹ ਸਮੱਸਿਆ ਹੈ, ਪਰ ਇਸ ਦੀ ਬਹੁਤ ਸੰਭਾਵਨਾ ਹੈ। ਘੱਟੋ-ਘੱਟ 90% (10 ਵਿੱਚੋਂ 9) ਔਰਤਾਂ ਜਿਨ੍ਹਾਂ ਨੂੰ ਡਾਊਨਜ਼ ਸਿੰਡ੍ਰੋਮ ਲਈ ਉੱਚ-ਸੰਭਾਵਨਾ ਵਾਲਾ NIPT ਨਤੀਜਾ ਮਿਲਦਾ ਹੈ, ਦੇ ਗਰਭ ਵਿੱਚ ਇਸ ਸਮੱਸਿਆ ਵਾਲਾ ਬੱਚਾ ਹੋਵੇਗਾ।

ਉੱਚ-ਸੰਭਾਵੀ NIPT ਨਤੀਜੇ ਦੇ ਬਾਅਦ, ਤੁਹਾਨੂੰ ਰੋਗ ਦੀ ਪਛਾਣ ਕਰਨ ਲਈ ਟੈਸਟ ਦੀ ਪੇਸ਼ਕਸ਼ ਕੀਤੀ ਜਾਵੇਗੀ। ਪਰ ਤੁਸੀਂ ਕੋਈ ਹੋਰ ਟੈਸਟ ਨਾ ਕਰਵਾਉਣ ਨੂੰ ਤਰਜੀਹ ਦੇ ਸਕਦੇ ਹੋ।

6.3 ਕੋਈ ਨਤੀਜਾ ਨਹੀਂ

ਬਹੁਤ ਘੱਟ ਮਾਮਲਿਆਂ ਵਿੱਚ, NIPT ਕੋਈ ਨਤੀਜਾ ਨਾ ਦੇਵੇਗਾ। ਜੇ ਤੁਹਾਨੂੰ ਕੋਈ ਨਤੀਜਾ ਨਹੀਂ ਮਿਲਦਾ ਹੈ, ਫਿਰ ਤੁਸੀਂ ਇੱਕ ਹੋਰ NIPT, ਰੋਗ ਦਾ ਪਤਾ ਲਗਾਉਣ ਲਈ ਟੈਸਟ ਜਾਂ ਕੋਈ ਹੋਰ ਟੈਸਟ ਨਾ ਕਰਵਾਉਣ ਦੇ ਵਿਚਕਾਰ ਚੋਣ ਕਰ ਸਕਦੇ ਹੋ। ਕੋਈ ਨਤੀਜਾ ਨਾ ਮਿਲਣਾ ਟੈਸਟ ਨਾਲ ਸੰਬੰਧਿਤ ਤਕਨੀਕੀ ਮੁੱਦੇ ਕਾਰਨ ਹੋ ਸਕਦਾ ਹੈ। ਇਹ ਤਾਂ ਵੀ ਹੋ ਸਕਦਾ ਹੈ ਜੇ ਖੂਨ ਦੇ ਨਮੂਨੇ ਵਿੱਚ ਲੋੜੀਂਦਾ DNA ਮੌਜੂਦ ਨਹੀਂ ਹੈ, ਉਦਾਹਰਨ ਵਜੋਂ ਕਿਉਂਕਿ ਤੁਹਾਡਾ 30 ਤੋਂ ਵੱਧ ਦਾ ਬਾਡੀ ਮਾਸ ਇੰਡੈਕਸ (BMI) ਹੈ ਜਾਂ ਤੁਹਾਡੇ ਜੁੜਵਾਂ ਬੱਚੇ ਹਨ।

ਜੇ ਤੁਹਾਨੂੰ ਉੱਚ-ਸੰਭਾਵਨਾ ਨਤੀਜਾ ਮਿਲਦਾ ਹੈ ਜਾਂ ਕੋਈ ਨਤੀਜਾ ਨਹੀਂ ਮਿਲਦਾ ਹੈ, ਤਾਂ ਸਿਹਤ ਪੇਸ਼ੇਵਰ ਵਧੇਰੇ ਜਾਣਕਾਰੀ ਅਤੇ ਸਹਾਇਤਾ ਦੇਣਗੇ।

7. ਰੋਗ ਦੀ ਪਛਾਣ ਕਰਨ ਲਈ ਟੈਸਟ

ਤੁਸੀਂ ਤੁਰੰਤ ਜਾਂ ਉੱਚ-ਸੰਭਾਵਨਾ ਵਾਲੇ NIPT ਨਤੀਜੇ ਦੇ ਬਾਅਦ ਰੋਗ ਦੀ ਪਛਾਣ ਕਰਨ ਲਈ ਟੈਸਟ ਕਰਵਾਉਣ ਦੀ ਚੋਣ ਕਰ ਸਕਦੇ ਹੋ।

ਰੋਗ ਦੀ ਪਛਾਣ ਕਰਨ ਲਈ ਟੈਸਟ ਨਿਸ਼ਚਿਤ ਜਵਾਬ ਦਿੰਦੇ ਹਨ। ਉਹ ਬੱਚੇ ਦੇ ਪਲੇਸੈਂਟਾ ਜਾਂ ਆਸ-ਪਾਸ ਦੇ ਤਰਲ ਦੇ ਸੈੱਲਾਂ ਦੀ ਜਾਂਚ ਕਰਦੇ ਹਨ। ਰੋਗ ਦੀ ਪਛਾਣ ਕਰਨ ਲਈ ਟੈਸਟ ਡਾਊਨਜ਼ ਸਿੰਡ੍ਰੋਮ, ਐਡਵਰਡਜ਼ ਸਿੰਡ੍ਰੋਮ ਜਾਂ ਪਟਾਉਜ਼ ਸਿੰਡ੍ਰੋਮ ਤੋਂ ਇਲਾਵਾ ਹੋਰ ਸਮੱਸਿਆਵਾਂ ਦਾ ਪਤਾ ਲਗਾ ਸਕਦੇ ਹਨ ਪਰ ਇਹ ਬਹੁਤ ਘੱਟ ਹੁੰਦਾ ਹੈ।

ਰੋਗ ਦੀ ਪਛਾਣ ਕਰਨ ਲਈ ਟੈਸਟ ਕਰਵਾਉਣ ਵਾਲੀ 200 ਵਿੱਚੋਂ 1 ਔਰਤ (0.5%) ਦਾ ਟੈਸਟ ਦੇ ਨਤੀਜੇ ਵਜੋਂ ਗਰਭਪਾਤ ਹੋ ਜਾਵੇਗਾ।

2 ਕਿਸਮਾਂ ਦੇ ਰੋਗ ਦੀ ਪਛਾਣ ਕਰਨ ਲਈ ਟੈਸਟ ਹੁੰਦੇ ਹਨ: ਕੋਰਿਓਨਿਕ ਵਿੱਲਸ ਸੈਂਪਲਿੰਗ (CVS) ਅਤੇ ਐਮਨੀਓਸੈਂਟੀਸਿਸ। ਤੁਹਾਡਾ ਸਿਹਤ ਪੇਸ਼ੇਵਰ ਇਸ ਵਿਕਲਪ ਬਾਰੇ ਤੁਹਾਡੇ ਨਾਲ ਵਿਚਾਰ-ਵਟਾਂਦਰਾ ਕਰੇਗਾ।

7.1 CVS (chorionic villus sampling) (ਕੋਰਿਓਨਿਕ ਵਿੱਲਸ ਸੈਂਪਲਿੰਗ)

ਇਹ ਆਮ ਤੌਰ ‘ਤੇ ਗਰਭ-ਅਵਸਥਾ ਦੇ 11 ਤੋਂ 14 ਹਫ਼ਤਿਆਂ ਤੱਕ ਕੀਤਾ ਜਾਂਦਾ ਹੈ ਪਰ ਬਾਅਦ ਵਿੱਚ ਵੀ ਕੀਤਾ ਜਾ ਸਕਦਾ ਹੈ। ਇੱਕ ਬਰੀਕ ਸੂਈ, ਜੋ ਆਮ ਤੌਰ ‘ਤੇ ਤੁਹਾਡੇ ਪੇਟ ਵਿੱਚ ਪਾਈ ਜਾਂਦੀ ਹੈ, ਪਲੇਸੈਂਟਾ ਤੋਂ ਛੋਟੇ ਟਿਸ਼ੂ ਦੇ ਨਮੂਨੇ ਲੈਣ ਲਈ ਵਰਤੀ ਜਾਂਦੀ ਹੈ।

ਤੁਹਾਨੂੰ ਪਹਿਲਾ CVS ਨਤੀਜਾ ਲਗਭਗ 3 ਦਿਨਾਂ ਵਿੱਚ ਮਿਲੇਗਾ। ਜੇ ਇਹ NIPT ਦੇ ਨਤੀਜੇ ਦੀ ਪੁਸ਼ਟੀ ਕਰਦਾ ਹੈ, ਅਤੇ ਸਕੈਨ ਤੋਂ ਸੰਬੰਧਿਤ ਸਿੱਟੇ ਮਿਲੇ ਸਨ, ਤਾਂ ਤੁਹਾਡਾ ਡਾਕਟਰ ਤੁਰੰਤ ਤੁਹਾਡੇ ਨਾਲ ਤੁਹਾਡੇ ਵਿਕਲਪਾਂ ਬਾਰੇ ਚਰਚਾ ਕਰੇਗਾ। ਪਰ, ਜੇ ਤੁਹਾਡੇ ਸਕੈਨ ਨੇ ਕੁਝ ਢੁਕਵਾਂ ਨਹੀਂ ਦਿਖਾਇਆ ਹੈ ਤਾਂ ਅਸੀਂ ਸਿਫ਼ਾਰਸ਼ ਕਰਦੇ ਹਾਂ ਕਿ ਤੁਸੀਂ, ਆਪਣੀ ਗਰਭ-ਅਵਸਥਾ ਨੂੰ ਖਤਮ ਕਰਨਾ ਹੈ ਜਾਂ ਨਹੀਂ ਇਸ ਬਾਰੇ ਫੈਸਲਾ ਲੈਣ ਤੋਂ ਪਹਿਲਾਂ, 2 ਹਫ਼ਤਿਆਂ ਦੇ ਅੰਦਰ, ਦੂਜੇ CVS ਨਤੀਜੇ ਦਾ ਇੰਤਜ਼ਾਰ ਕਰੋ।

ਇਹ ਇਸ ਲਈ ਹੁੰਦਾ ਹੈ ਕਿਉਂਕਿ ਦੂਜਾ ਨਤੀਜਾ ਪਲੇਸੈਂਟਾ ਦੀ ਬਜਾਏ ਬੱਚੇ ਦੇ DNA ਨੂੰ ਦਰਸਾਉਂਦਾ ਹੈ ਅਤੇ ਸੀਮਿਤ ਪਲੇਸੈਂਟਲ ਮੋਜ਼ੇਸਿਜ਼ਮ ਦੁਆਰਾ ਪ੍ਰਭਾਵਤ ਨਹੀਂ ਹੋਵੇਗਾ।

7.2 ਐਮਨੀਓਸੈਂਟੀਸਿਸ

ਇਹ ਆਮ ਤੌਰ ‘ਤੇ ਗਰਭ-ਅਵਸਥਾ ਦੇ 15 ਹਫ਼ਤੇ ਦੇ ਬਾਅਦ ਕੀਤਾ ਜਾਂਦਾ ਹੈ। ਇੱਕ ਬਰੀਕ ਸੂਈ ਆਮ ਤੌਰ ‘ਤੇ ਤੁਹਾਡੇ ਪੇਟ ਰਾਹੀਂ ਬੱਚੇਦਾਨੀ ਤਕ ਪਹੁੰਚਾਈ ਜਾਂਦੀ ਹੈ ਤਾਂ ਜੋ ਬੱਚੇ ਦੇ ਆਲੇ-ਦੁਆਲੇ ਵਾਲੇ ਤਰਲ ਦਾ ਇੱਕ ਛੋਟਾ ਜਿਹਾ ਨਮੂਨਾ ਲਿਆ ਜਾ ਸਕੇ।

ਐਮਨੀਓਸੈਂਟੀਸਿਸ ਦੇ ਨਤੀਜੇ ਆਮ ਤੌਰ ‘ਤੇ ਲਗਭਗ 3 ਦਿਨਾਂ ਵਿੱਚ ਉਪਲਬਧ ਹੋ ਜਾਂਦੇ ਹਨ। ਉਹ ਬੱਚੇ ਦੇ DNA ਦਾ ਸਹੀ ਪ੍ਰਤਿਬਿੰਬ ਹੁੰਦੇ ਹਨ। ਕੁਝ ਹਾਲਾਤ ਵਿੱਚ, CVS ਕਰਵਾਉਣ ਦੀ ਬਜਾਏ ਐਮਨੀਓਸੈਂਟੀਸਿਸ ਦਾ ਇੰਤਜ਼ਾਰ ਕਰਨਾ ਵਧੇਰੇ ਉਚਿਤ ਹੋ ਸਕਦਾ ਹੈ।

8. ਜਾਰੀ ਸਹਾਇਤਾ ਅਤੇ ਦੇਖਭਾਲ

ਰੋਗ ਦੀ ਪਛਾਣ ਕਰਨ ਲਈ ਟੈਸਟ ਦੇ ਨਤੀਜੇ ਦੇ ਬਾਅਦ, ਤੁਹਾਨੂੰ ਇਹ ਫੈਸਲਾ ਕਰਨ ਦੀ ਲੋੜ ਪੈ ਸਕਦੀ ਹੈ ਕਿ ਅੱਗੇ ਕੀ ਕਰਨਾ ਹੈ। ਸਿਰਫ ਤੁਸੀਂ ਜਾਣਦੇ ਹੋ ਕਿ ਤੁਹਾਡੇ ਲਈ ਅਤੇ ਤੁਹਾਡੇ ਪਰਿਵਾਰ ਲਈ ਸਭ ਤੋਂ ਸਹੀ ਫੈਸਲਾ ਕੀ ਹੈ।

ਤੁਸੀਂ ਡਾਊਨਜ਼ ਸਿੰਡ੍ਰੋਮ, ਐਡਵਰਡਜ਼ ਸਿੰਡ੍ਰੋਮ ਜਾਂ ਪਟਾਉਜ਼ ਸਿੰਡ੍ਰੋਮ ਬਾਰੇ ਹੋਰ ਜਾਣਨਾ ਚਾਹ ਸਕਦੇ ਹੋ। ਮਾਪਿਆਂ ਲਈ ਸਹਾਇਤਾ ਸੰਗਠਨ ਨਾਲ ਗੱਲ ਕਰਨਾ ਮਦਦਗਾਰ ਹੋ ਸਕਦਾ ਹੈ। ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਇਸ ਨਾਲ ਸਹਾਇਤਾ ਮਿਲੇਗੀ, ਤਾਂ ਇਹ ਸਮੂਹ ਤੁਹਾਡਾ ਕਿਸੇ ਅਜਿਹੇ ਵਿਅਕਤੀ ਨਾਲ ਸੰਪਰਕ ਕਰਾ ਸਕਦੇ ਹਨ ਜੋ ਅਜਿਹੀ ਹੀ ਸਥਿਤੀ ਵਿੱਚ ਰਿਹਾ ਹੈ। ਸੰਪਰਕ ਵੇਰਵੇ ਪਿਛਲੀ ਜਿਲਦ ‘ਤੇ ਹਨ।

ਗਰਭ ਅਵਸਥਾ ਨੂੰ ਜਾਰੀ ਰੱਖਣਾ ਹੈ ਜਾਂ ਨਹੀਂ ਇਹ ਫੈਸਲਾ ਕਰਨਾ ਤੁਹਾਡੇ ਲਈ ਬਹੁਤ ਨਿੱਜੀ ਹੋਵੇਗਾ। ਜੇ ਤੁਸੀਂ ਆਪਣੀ ਗਰਭ-ਅਵਸਥਾ ਨੂੰ ਜਾਰੀ ਰੱਖਣ ਦਾ ਫੈਸਲਾ ਕਰਦੇ ਹੋ, ਤਾਂ ਤੁਹਾਡਾ ਡਾਕਟਰ ਜਾਂ ਮਿਡਵਾਈਫ ਤੁਹਾਡੀ ਦੇਖਭਾਲ ਅਤੇ ਗਰਭ-ਅਵਸਥਾ ਦੌਰਾਨ ਅਤੇ ਜਨਮ ਤੋਂ ਬਾਅਦ ਤੁਹਾਡੇ ਬੱਚੇ ਦੀ ਦੇਖਭਾਲ ਕਰਨ ਦੇ ਸਭ ਤੋਂ ਵਧੀਆ ਢੰਗ ਬਾਰੇ ਵਿਚਾਰ ਵਟਾਂਦਰਾ ਕਰੇਗੀ।

ਜੇ ਤੁਸੀਂ ਆਪਣੀ ਗਰਭ ਅਵਸਥਾ ਨੂੰ ਖਤਮ ਕਰਨ ਦਾ ਫੈਸਲਾ ਲੈਂਦੇ ਹੋ, ਤੁਹਾਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਏਗੀ ਕਿ ਇਸ ਵਿੱਚ ਕੀ ਸ਼ਾਮਲ ਹੈ ਅਤੇ ਤੁਹਾਨੂੰ ਕਿਵੇਂ ਸਮਰਥਨ ਦਿੱਤਾ ਜਾਵੇਗਾ। ਇਸ ਵਿੱਚ ਸਮਾਪਤੀ ਦੇ ਢੰਗ ਬਾਰੇ ਤੁਹਾਡੇ ਕੋਲ ਉਪਲਬਧ ਵਿਕਲਪ ਸ਼ਾਮਲ ਹੋਣਗੇ।

ਤੁਸੀਂ ਜੋ ਵੀ ਫੈਸਲਾ ਲੈਂਦੇ ਹੋ, ਤੁਹਾਡੇ ਸਿਹਤ ਸੰਭਾਲ ਪੇਸ਼ੇਵਰ ਤੁਹਾਡੀ ਸਹਾਇਤਾ ਕਰਨਗੇ।

9. ਸਹਾਇਤਾ ਕਰਨ ਵਾਲੇ ਸੰਗਠਨ

ARC ਇੱਕ ਰਾਸ਼ਟਰੀ ਚੈਰਿਟੀ ਹੈ ਜੋ ਲੋਕਾਂ ਦੀ ਸਕ੍ਰੀਨਿੰਗ ਅਤੇ ਜਾਂਚ, ਅਤੇ ਗਰਭ-ਅਵਸਥਾ ਨੂੰ ਜਾਰੀ ਰੱਖਣਾ ਹੈ ਜਾਂ ਨਹੀਂ, ਇਸ ਬਾਰੇ ਦੇ ਫੈਸਲੇ ਲੈਣ ਵਿੱਚ ਸਹਾਇਤਾ ਮੁਹੱਈਆ ਕਰਦਾ ਹੈ। ਤੁਸੀਂ ਉਹਨਾਂ ਨੂੰ 020 713 7486 ‘ਤੇ ਕਾਲ ਕਰ ਸਕਦੇ ਹੋ।

DSA (ਡਾਊਨਜ਼ ਸਿੰਡ੍ਰੋਮ ਐਸੋਸਿਏਸ਼ਨ) ਮਾਪਿਆਂ ਲਈ ਜਾਣਕਾਰੀ ਅਤੇ ਸਹਾਇਤਾ ਮੁਹੱਈਆ ਕਰਦੀ ਹੈ। ਤੁਸੀਂ ਉਹਨਾਂ ਨੂੰ 0333 12 12 300 ‘ਤੇ ਕਾਲ ਕਰ ਸਕਦੇ ਹੋ।

SOFT ਪਰਿਵਾਰਾਂ ਨੂੰ ਐਡਵਰਡਜ਼ ਸਿੰਡ੍ਰੋਮ ਅਤੇ ਪਟਾਉਜ਼ ਸਿੰਡ੍ਰੋਮ ਬਾਰੇ ਜਾਣਕਾਰੀ ਅਤੇ ਸਹਾਇਤਾ ਮੁਹੱਈਆ ਕਰਦਾ ਹੈ।