ਤੁਸੀਂ ਹਸਪਤਾਲ ਤੋਂ ਦੇਖਭਾਲ ਵਾਲੀ ਕਿਸੇ ਹੋਰ ਥਾਂ 'ਤੇ ਜਾ ਰਹੇ ਹੋ
ਅੱਪਡੇਟ ਕੀਤਾ 10 ਅਗਸਤ 2022
ਇਹ ਪਰਚਾ ਦੱਸਦਾ ਹੈ ਕਿ ਤੁਸੀਂ ਹਸਪਤਾਲ ਤੋਂ ਕਿਉਂ ਜਾ ਰਹੇ ਹੋ ਅਤੇ ਤੁਹਾਡੇ ਜਾਣ ਤੋਂ ਬਾਅਦ ਤੁਸੀਂ ਕੀ ਉਮੀਦ ਕਰ ਸਕਦੇ ਹੋ।
ਮੈਂ ਹਸਪਤਾਲ ਤੋਂ ਕਿਉਂ ਜਾ ਰਿਹਾ/ਰਹੀ ਹਾਂ?
ਤੁਹਾਡੀ ਦੇਖਭਾਲ ਕਰਨ ਵਾਲੀ ਟੀਮ ਇਸ ਗੱਲ ‘ਤੇ ਸਹਿਮਤ ਹੋ ਗਈ ਹੈ ਕਿ ਤੁਹਾਨੂੰ ਹੁਣ ਹਸਪਤਾਲ ਦੇਖਭਾਲ ਦੀ ਲੋੜ ਨਹੀਂ ਹੈ ਅਤੇ ਆਪਣਾ ਸਿਹਤ-ਸੁਧਾਰ ਜਾਰੀ ਰੱਖਣ ਲਈ ਤੁਹਾਡਾ ਦੇਖਭਾਲ ਵਾਲੀ ਕਿਸੇ ਹੋਰ ਥਾਂ ‘ਤੇ ਜਾਣਾ ਸੁਰੱਖਿਅਤ ਹੈ।
ਮੈਂ ਹਸਪਤਾਲ ਵਿੱਚ ਕਿਉਂ ਨਹੀਂ ਰਹਿ ਸਕਦਾ/ਸਕਦੀ ਹਾਂ?
ਜਦੋਂ ਤੁਹਾਨੂੰ ਹਸਪਤਾਲ ਵਿੱਚ ਦੇਖਭਾਲ ਦੀ ਲੋੜ ਨਹੀਂ ਰਹਿ ਜਾਂਦੀ, ਤਾਂ ਹਸਪਤਾਲ ਤੋਂ ਬਾਹਰ ਆਪਣਾ ਸਿਹਤ-ਸੁਧਾਰ ਜਾਰੀ ਰੱਖਣਾ ਬਿਹਤਰ ਹੁੰਦਾ ਹੈ। ਲੋੜ ਤੋਂ ਜ਼ਿਆਦਾ ਸਮੇਂ ਤੱਕ ਹਸਪਤਾਲ ਵਿੱਚ ਰਹਿਣ ਨਾਲ ਤੁਹਾਡੀ ਸਵੈ-ਨਿਰਭਰਤਾ ਘਟ ਸਕਦੀ ਹੈ, ਜਿਸਦੇ ਨਤੀਜੇ ਵਜੋਂ ਤੁਸੀਂ ਮਾਸ਼ਪੇਸ਼ੀਆਂ ਦੀ ਤਾਕਤ ਗੁਆ ਸਕਦੇ ਹੋ ਜਾਂ ਕਿਸੇ ਲਾਗ ਵਾਲੀ ਬਿਮਾਰੀ ਦਾ ਸ਼ਿਕਾਰ ਬਣ ਸਕਦੇ ਹੋ। ਠੀਕ ਹੋਣ ‘ਤੇ ਹਸਪਤਾਲ ਤੋਂ ਜਾਣਾ ਨਾ ਸਿਰਫ਼ ਤੁਹਾਡੇ ਲਈ ਵਧੀਆ ਰਹੇਗਾ ਬਲਕਿ ਕਿਸੇ ਅਜਿਹੇ ਵਿਅਕਤੀ ਲਈ ਬੈੱਡ ਖਾਲੀ ਹੋ ਜਾਵੇਗਾ ਜੋ ਸ਼ਾਇਦ ਜ਼ਿਆਦਾ ਬਿਮਾਰ ਹੋਵੇ।
ਸਾਡੀ ਮੁੱਖ ਤਰਜੀਹ ਇਹ ਪੱਕਾ ਕਰਨਾ ਹੈ ਕਿ ਤੁਸੀਂ ਬਿਹਤਰੀਨ ਸੰਭਵ ਇਲਾਜ ਲਈ ਸਹੀ ਸਮੇਂ ‘ਤੇ, ਸਹੀ ਥਾਂ ‘ਤੇ ਹੋਵੋ। ਤੁਹਾਡੇ ਲਈ ਇਸ ਸਮੇਂ ਸਭ ਤੋਂ ਵਧੀਆ ਥਾਂ ਭਾਈਚਾਰਕ ਸਥਾਨ ‘ਤੇ ਕੋਈ ਬੈੱਡ ਹੈ ਜੋ ਇਸ ਸਮੇਂ ਤੁਹਾਡੀਆਂ ਲੋੜਾਂ ਨੂੰ ਸਭ ਤੋਂ ਵਧੀਆ ਢੰਗ ਨਾਲ ਪੂਰਾ ਕਰ ਸਕਦਾ ਹੈ। ਜੇ ਤੁਸੀਂ ਕੇਅਰ ਹੋਮ ਵਿੱਚ ਰਹਿੰਦੇ ਹੋ, ਤਾਂ ਸਭ ਤੋਂ ਵੱਧ ਸੰਭਾਵਨਾ ਹੈ ਕਿ ਇਹ ਤੁਹਾਡਾ ਕੇਅਰ ਹੋਮ ਹੋਵੇਗਾ।
ਮੈਂ ਕੀ ਉਮੀਦ ਕਰ ਸਕਦਾ/ਸਕਦੀ ਹਾਂ?
ਤੁਹਾਡੀ ਦੇਖਭਾਲ ਕਰਨ ਵਾਲੀ ਟੀਮ ਤੁਹਾਡੇ ਨਾਲ (ਅਤੇ ਜੇ ਤੁਸੀਂ ਚਾਹੋ, ਤਾਂ ਤੁਹਾਡੇ ਦੇਖਭਾਲ ਕਰਨ ਵਾਲੇ, ਪਰਿਵਾਰ ਅਤੇ/ਜਾਂ ਦੋਸਤਾਂ ਨਾਲ) ਆਵਾਜਾਈ ਅਤੇ ਹੋਰ ਪ੍ਰਬੰਧਾਂ ਸੰਬੰਧੀ ਵਿਚਾਰ ਵਟਾਂਦਰਾ ਕਰੇਗੀ। ਜੇਕਰ ਤੁਹਾਨੂੰ ਕੋਰੋਨਾਵਾਇਰਸ ਹੈ (COVID-19) ਤਾਂ ਤੁਹਾਨੂੰ ਸੰਬੰਧਿਤ ਸਲਾਹ ਦਿੱਤੀ ਜਾਵੇਗੀ।
ਜੇਕਰ ਤੁਹਾਨੂੰ ਹਸਪਤਾਲ ਵਿੱਚ ਆਉਣ ਦੇ ਮੁਕਾਬਲੇ ਹੁਣ ਜ਼ਿਆਦਾ ਦੇਖਭਾਲ ਅਤੇ ਸਹਾਇਤਾ ਦੀ ਲੋੜ ਹੈ, ਤਾਂ ਤੁਹਾਡੀ ਦੇਖਭਾਲ ਕਰਨ ਵਾਲੀ ਟੀਮ ਇਸ ਬਾਰੇ ਵਿਕਲਪਾਂ ‘ਤੇ ਚਰਚਾ ਕਰੇਗੀ ਕਿ ਡਿਸਚਾਰਜ ਤੋਂ ਬਾਅਦ ਤੁਹਾਨੂੰ ਇਹ ਦੇਖਭਾਲ ਅਤੇ ਸਹਾਇਤਾ ਕਿਵੇਂ ਮਿਲੇਗੀ। ਟੀਮ ਇਸ ਗੱਲ ‘ਤੇ ਵੀ ਚਰਚਾ ਕਰੇਗੀ ਕਿ ਲੰਬੇ ਸਮੇਂ ਦੀ ਦੇਖਭਾਲ ਅਤੇ ਸਹਾਇਤਾ ਦੇ ਪ੍ਰਬੰਧ ਲਈ ਤੁਹਾਡਾ ਮੁਲਾਂਕਣ ਕਦੋਂ ਕੀਤਾ ਜਾਣਾ ਚਾਹੀਦਾ ਹੈ। ਜੇ ਤੁਹਾਨੂੰ ਆਪਣੀ ਦੇਖਭਾਲ ਅਤੇ ਸਹਾਇਤਾ ਦੀ ਲੋੜ ਹੈ ਤਾਂ ਤੁਹਾਨੂੰ ਇਸਦੀ ਕੀਮਤ ਵਿੱਚ ਯੋਗਦਾਨ ਪਾਉਣ ਦੀ ਲੋੜ ਹੋ ਸਕਦੀ ਹੈ।