ਡਾਊਨਜ਼ (Down’s) ਸਿੰਡ੍ਰੋਮ, ਐਡਵਰਡਜ਼ (Edwards’) ਸਿੰਡ੍ਰੋਮ ਅਤੇ ਪਟਾਉਜ਼ (Patau’s) ਸਿੰਡ੍ਰੋਮ
ਅੱਪਡੇਟ ਕੀਤਾ 18 ਦਸੰਬਰ 2024
ਪਬਲਿਕ ਹੈਲਥ ਇੰਗਲੈਂਡ (PHE) ਨੇ ਇਹ ਜਾਣਕਾਰੀ NHS ਦੀ ਤਰਫ਼ੋਂ ਤਿਆਰ ਕੀਤੀ ਹੈ। ਇਸ ਜਾਣਕਾਰੀ ਵਿੱਚ, ਸ਼ਬਦ ‘ਅਸੀਂ’ ਦਾ ਮਤਲਬ ਉਸ NHS ਸੇਵਾ ਤੋਂ ਹੈ ਜੋ ਸਕ੍ਰੀਨਿੰਗ ਮੁਹੱਈਆ ਕਰਦਾ ਹੈ।
ਇਹ ਛੋਟਾ ਐਨੀਮੇਸ਼ਨ ਗਰਭ-ਅਵਸਥਾ ਵਿੱਚ ਡਾਊਨਜ਼ ਸਿੰਡ੍ਰੋਮ, ਐਡਵਰਡਜ਼ ਸਿੰਡ੍ਰੋਮ ਅਤੇ ਪਟਾਉਜ਼ ਸਿੰਡ੍ਰੋਮ ਦੀ ਸਕ੍ਰੀਨਿੰਗ ਬਾਰੇ ਸਮਝਾਉਂਦਾ ਹੈ।
ਡਾਊਨਜ਼ ਸਿੰਡ੍ਰੋਮ, ਐਡਵਰਡਜ਼ ਸਿੰਡ੍ਰੋਮ ਅਤੇ ਪਟਾਉਜ਼ ਸਿੰਡ੍ਰੋਮ ਬਾਰੇ ਵੀਡੀਓ
1. ਸਕ੍ਰੀਨਿੰਗ ਦਾ ਉਦੇਸ਼
ਇਹ ਪਤਾ ਲਗਾਉਣ ਲਈ ਕਿ ਤੁਹਾਡੇ ਬੱਚੇ ਨੂੰ ਡਾਊਨਜ਼ ਸਿੰਡ੍ਰੋਮ (ਟ੍ਰਾਈਸੋਮੀ 21 ਜਾਂ T21), ਐਡਵਰਡਜ਼ ਸਿੰਡ੍ਰੋਮ (ਟ੍ਰਾਈਸੋਮੀ 18 ਜਾਂ T18) ਜਾਂ ਪਟਾਉਜ਼ ਸਿੰਡ੍ਰੋਮ (ਟ੍ਰਾਈਸੋਮੀ 13 ਜਾਂ T13) ਹੋਣ ਦੀ ਕਿੰਨੀ ਸੰਭਾਵਨਾ ਹੈ।
ਸਕ੍ਰੀਨਿੰਗ ਤੁਹਾਡੀ ਚੋਣ ਹੈ। ਤੁਹਾਡੇ ਲਈ ਸਕ੍ਰੀਨਿੰਗ ਟੈਸਟ ਕਰਵਾਉਣਾ ਜ਼ਰੂਰੀ ਨਹੀਂ ਹੈ। ਕੁਝ ਲੋਕ ਪਤਾ ਕਰਨਾ ਚਾਹੁੰਦੇ ਹਨ ਕਿ ਕੀ ਉਹਨਾਂ ਦੇ ਬੱਚੇ ਨੂੰ ਇਹਨਾਂ ਵਿੱਚੋਂ ਕੋਈ ਸਮੱਸਿਆ ਹੈ ਅਤੇ ਕੁਝ ਪਤਾ ਨਹੀਂ ਕਰਨਾ ਚਾਹੁੰਦੇ ਹਨ। ਸਕ੍ਰੀਨਿੰਗ ਬਿਲਕੁਲ ਸਹੀ ਨਹੀਂ ਹੁੰਦੀ ਹੈ ਅਤੇ ਗਲਤ ਨਤੀਜਾ ਦੇ ਸਕਦੀ ਹੈ। ਇਸ ਦੇ ਨਤੀਜੇ ਵਜੋਂ ਤੁਹਾਡੀ ਗਰਭ-ਅਵਸਥਾ ਬਾਰੇ ਵਿਅਕਤੀਗਤ ਚੋਣਾਂ ਕਰਨੀਆਂ ਪੈ ਸਕਦੀਆਂ ਹਨ।
ਜੇ ਤੁਸੀਂ ਸਕ੍ਰੀਨਿੰਗ ਕਰਵਾਉਣ ਦੀ ਚੋਣ ਕਰਦੇ ਹੋ, ਤਾਂ ਤੁਹਾਡੀ ਇਸਦੇ ਲਈ ਸਕ੍ਰੀਨਿੰਗ ਕੀਤੀ ਜਾ ਸਕਦੀ ਹੈ:
- ਸਾਰੀਆਂ 3 ਸਮੱਸਿਆਵਾਂ
- ਸਿਰਫ ਡਾਊਨਜ਼ (Down’s) ਸਿੰਡ੍ਰੋਮ
- ਸਿਰਫ ਐਡਵਰਡਜ਼ (Edwards’) ਸਿੰਡ੍ਰੋਮ ਅਤੇ ਪਟਾਉਜ਼ (Patau’s) ਸਿੰਡ੍ਰੋਮ
ਇਸ ਸਕ੍ਰੀਨਿੰਗ ਦੀ ਪੇਸ਼ਕਸ਼ ਕੀਤੀ ਤਾਂ ਜਾਏਗੀ ਜੇ ਤੁਹਾਡਾ ਇੱਕ ਬੱਚਾ ਜਾਂ ਜੁੜਵਾਂ ਬੱਚੇ ਹੋਣੇ ਹਨ।
2. ਸਕ੍ਰੀਨਿੰਗ ਬਾਰੇ ਸੰਖੇਪ ਜਾਣਕਾਰੀ
ਸਕ੍ਰੀਨਿੰਗ ਪ੍ਰਕਿਰਿਆ ਵਿੱਚ ਕਈ ਵੱਖ-ਵੱਖ ਟੈਸਟ ਸ਼ਾਮਲ ਹੋ ਸਕਦੇ ਹਨ।
ਪਹਿਲੇ ਸਕ੍ਰੀਨਿੰਗ ਟੈਸਟ ਨੂੰ ਸੰਯੁਕਤ ਟੈਸਟ ਕਿਹਾ ਜਾਂਦਾ ਹੈ (ਜਾਂ ਜੇ ਤੁਸੀਂ ਆਪਣੀ ਗਰਭ-ਅਵਸਥਾ ਦੇ ਅਗਲੇ ਪੜਾਅ ‘ਤੇ ਹੋ ਤਾਂ ਚਹੁਰਾ ਟੈਸਟ)। ਫਿਰ ਤੁਹਾਨੂੰ ਦੂਜੀ ਕਿਸਮ ਦੀ ਸਕ੍ਰੀਨਿੰਗ ਟੈਸਟ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ ਜਿਸ ਨੂੰ NIPT (ਸਰੀਰ ਦੇ ਅੰਦਰ ਦਖ਼ਲ ਨਾ ਦੇਣ ਵਾਲੀ ਟੈਸਟਿੰਗ) ਕਿਹਾ ਜਾਂਦਾ ਹੈ। ਇਹਨਾਂ ਵਿੱਚੋਂ ਕਿਸੇ ਵੀ ਸਕ੍ਰੀਨਿੰਗ ਟੈਸਟ ਦੇ ਬਾਅਦ ਤੁਹਾਨੂੰ ਇੱਕ ਰੋਗ ਦਾ ਪਤਾ ਲਗਾਉਣ ਲਈ ਟੈਸਟ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ ਤਾਂ ਜੋ ਪੁਸ਼ਟੀ ਕੀਤੀ ਜਾ ਸਕੇ ਕਿ ਬੱਚੇ ਨੂੰ ਇਹਨਾਂ ਵਿੱਚੋਂ ਕੋਈ ਸਮੱਸਿਆ ਹੈ ਜਾਂ ਨਹੀਂ।
ਡਾਊਨਜ਼ ਸਿੰਡ੍ਰੋਮ, ਐਡਵਰਡਜ਼ ਸਿੰਡ੍ਰੋਮ ਅਤੇ ਪਟਾਉਜ਼ ਸਿੰਡ੍ਰੋਮ ਬਾਰੇ ਹੋਰ ਜਾਣਕਾਰੀ NHS ਦੀ ਵੈੱਬਸਾਈਟ ਤੋਂ ਲਵੋ।
3. ਇਨ੍ਹਾਂ ਸਮੱਸਿਆਵਾਂ ਬਾਰੇ
ਸਾਡੇ ਸਰੀਰ ਦੇ ਅੰਦਰ ਸੈੱਲਾਂ ਵਿੱਚ ਛੋਟੇ-ਛੋਟੇ ਢਾਂਚੇ ਹੁੰਦੇ ਹਨ ਜਿਨ੍ਹਾਂ ਨੂੰ ਕ੍ਰੋਮੋਸੋਮ ਕਿਹਾ ਜਾਂਦਾ ਹੈ। ਇਹ DNA (ਜੈਨੇਟਿਕ ਸਮੱਗਰੀ) ਤੋਂ ਬਣੇ ਹੁੰਦੇ ਹਨ। ਉਹਨਾਂ ਵਿੱਚ ਜੀਨ ਹੁੰਦੇ ਹਨ ਜੋ ਇਹ ਨਿਰਧਾਰਤ ਕਰਦੇ ਹਨ ਕਿ ਸਾਡਾ ਵਿਕਾਸ ਕਿਵੇਂ ਹੁੰਦਾ ਹੈ। ਹਰੇਕ ਸੈੱਲ ਵਿੱਚ ਕ੍ਰੋਮੋਸੋਮ ਦੇ 23 ਜੋੜੇ ਹੁੰਦੇ ਹਨ। ਤਬਦੀਲੀ ਸ਼ੁਕਰਾਣੂਆਂ ਜਾਂ ਆਂਡਿਆਂ ਦੇ ਸੈੱਲਾਂ ਵਿੱਚ ਹੋ ਸਕਦੀਆਂ ਹਨ, ਜਿਸ ਨਾਲ ਬੱਚੇ ਦਾ ਵਾਧੂ ਕ੍ਰੋਮੋਸੋਮ ਹੋ ਸਕਦਾ ਹੈ।
ਡਾਊਨਜ਼ ਸਿੰਡ੍ਰੋਮ, ਐਡਵਰਡਜ਼ ਸਿੰਡ੍ਰੋਮ ਜਾਂ ਪਟਾਉਜ਼ ਸਿੰਡ੍ਰੋਮ ਵਾਲੇ ਬੱਚੇ ਹਰ ਉਮਰ ਦੀਆਂ ਮਾਵਾਂ ਤੋਂ ਪੈਦਾ ਹੁੰਦੇ ਹਨ ਪਰ ਜਿਵੇਂ-ਜਿਵੇਂ ਮਾਂ ਦੀ ਉਮਰ ਵੱਧਦੀ ਹੈ ਤਾਂ ਇਹਨਾਂ ਵਿੱਚੋਂ ਕਿਸੇ ਸਮੱਸਿਆ ਵਾਲੇ ਬੱਚੇ ਦੇ ਪੈਦਾ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਇਹ ਸਾਰੀਆਂ ਸਮੱਸਿਆਵਾਂ ਸਰੀਰ ਦੇ ਕੁਝ ਜਾਂ ਸਾਰੇ ਸੈੱਲਾਂ ਵਿੱਚ ਕ੍ਰੋਮੋਸੋਮ ਦੀ ਵਧੇਰੇ ਕਾਪੀ ਹੋਣ ਕਰਕੇ ਹੁੰਦੀਆਂ ਹਨ। ਸਿਰਫ ਕੁਝ ਸੈੱਲਾਂ ਵਿੱਚ ਵਾਧੂ ਕ੍ਰੋਮੋਸੋਮ ਹੋਣ ਨੂੰ ਮੋਜ਼ੇਕ ਰੂਪ ਕਿਹਾ ਜਾਂਦਾ ਹੈ ਅਤੇ ਇਸ ਕਾਰਨ ਬੱਚੇ ਲਈ ਹਲਕੇ ਪ੍ਰਭਾਵ ਪੈਦਾ ਹੋ ਸਕਦੇ ਹਨ। ਸਕ੍ਰੀਨਿੰਗ ਇਹ ਨਹੀਂ ਪਛਾਣ ਸਕਦੀ ਕਿ ਤੁਹਾਡੇ ਬੱਚੇ ਨੂੰ ਕਿਸ ਕਿਸਮ ਦੀ ਜਾਂ ਕਿਸ ਪੱਧਰ ਦੀ ਅਪਾਹਜਤਾ ਹੋਵੇਗੀ।
ਡਾਊਨਜ਼ ਸਿੰਡ੍ਰੋਮ (T21)
ਡਾਊਨਜ਼ ਸਿੰਡ੍ਰੋਮ ਸਰੀਰ ਦੇ ਸਾਰੇ ਜਾਂ ਕੁਝ ਸੈੱਲਾਂ ਵਿੱਚ ਕ੍ਰੋਮੋਸੋਮ 21 ਦੀ ਇੱਕ ਵਾਧੂ ਕਾਪੀ ਦੇ ਕਾਰਨ ਹੁੰਦਾ ਹੈ।
ਡਾਊਨਜ਼ ਸਿੰਡ੍ਰੋਮ ਵਾਲੇ ਵਿਅਕਤੀ ਵਿੱਚ ਕੁਝ ਪੱਧਰ ਦੀ ਸਿੱਖਣ ਦੀ ਅਸਮਰਥਤਾ ਹੋਵੇਗੀ। ਇਸਦਾ ਮਤਲਬ ਹੈ ਕਿ ਉਹਨਾਂ ਨੂੰ ਜ਼ਿਆਦਾਤਰ ਦੂਜੇ ਲੋਕਾਂ ਦੀ ਤੁਲਨਾ ਵਿੱਚ ਨਵੀਆਂ ਚੀਜ਼ਾਂ ਨੂੰ ਸਮਝਣ ਅਤੇ ਸਿੱਖਣ ਵਿੱਚ ਮੁਸ਼ਕਲ ਆਵੇਗੀ। ਉਹਾਂ ਨੂੰ ਗੱਲਬਾਤ ਕਰਨ ਸੰਬੰਧੀ ਚੁਣੌਤੀਆਂ ਹੋ ਸਕਦੀਆਂ ਹਨ ਅਤੇ ਰੋਜ਼ਾਨਾ ਦੇ ਕੁਝ ਕੰਮ ਕਰਨ ਵਿੱਚ ਮੁਸ਼ਕਲ ਹੋ ਸਕਦੀ ਹੈ। ਡਾਊਨਜ਼ ਸਿੰਡ੍ਰੋਮ ਵਾਲੇ ਲੋਕਾਂ ਦੇ ਚਿਹਰੇ ‘ਤੇ ਵਿਸ਼ੇਸ਼ ਲੱਛਣ ਹੁੰਦੇ ਹਨ, ਪਰ ਉਹ ਸਾਰੇ ਇੱਕੋ ਜਿਹੇ ਨਹੀਂ ਦਿਸਦੇ।
ਡਾਊਨਜ਼ ਸਿੰਡ੍ਰੋਮ ਵਾਲੇ ਜ਼ਿਆਦਾਤਰ ਬੱਚੇ ਆਮ ਸਕੂਲਾਂ ਵਿੱਚ ਜਾਂਦੇ ਹਨ ਪਰ ਉਹਨਾਂ ਨੂੰ ਵਾਧੂ ਸਹਾਇਤਾ ਦੀ ਲੋੜ ਪਵੇਗੀ।
ਡਾਊਨਜ਼ ਸਿੰਡ੍ਰੋਮ ਵਾਲੇ ਲੋਕਾਂ ਵਿੱਚ ਕੁਝ ਸਿਹਤ ਸਮੱਸਿਆਵਾਂ ਜ਼ਿਆਦਾ ਆਮ ਹੁੰਦੀਆਂ ਹਨ। ਇਨ੍ਹਾਂ ਵਿੱਚ ਦਿਲ ਦੀਆਂ ਸਮੱਸਿਆਵਾਂ, ਅਤੇ ਸੁਣਨ ਅਤੇ ਨਜ਼ਰ ਨਾਲ ਸੰਬੰਧਿਤ ਸਮੱਸਿਆਵਾਂ ਸ਼ਾਮਲ ਹਨ। ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਦਾ ਇਲਾਜ ਕੀਤਾ ਜਾ ਸਕਦਾ ਹੈ ਪਰ ਬਦਕਿਸਮਤੀ ਨਾਲ ਤਕਰੀਬਨ 5% ਬੱਚੇ ਆਪਣੇ ਪਹਿਲੇ ਜਨਮਦਿਨ ਤੋਂ ਬਾਅਦ ਜਿਉਂਦੇ ਨਹੀਂ ਰਹਿਣਗੇ।
ਗੰਭੀਰ ਸਿਹਤ ਸਮੱਸਿਆਵਾਂ ਤੋਂ ਬਿਨਾਂ ਵਾਲੇ ਬੱਚੇ, ਹੋਰ ਬੱਚਿਆਂ ਦੀ ਤਰ੍ਹਾਂ ਹੀ ਜੀਵਿਤ ਰਹਿੰਦੇ ਹਨ ਅਤੇ ਡਾਊਨਜ਼ ਸਿੰਡ੍ਰੋਮ ਵਾਲੇ ਬਹੁਤੇ ਲੋਕ 60 ਸਾਲ ਜਾਂ ਇਸ ਤੋਂ ਵੱਧ ਸਮੇਂ ਤੱਕ ਜੀਵਿਤ ਰਹਿਣਗੇ।
ਡਾਊਨਜ਼ ਸਿੰਡ੍ਰੋਮ ਵਾਲੇ ਲੋਕ ਚੰਗੀ ਗੁਣਵੱਤਾ ਵਾਲੀ ਜ਼ਿੰਦਗੀ ਜੀ ਸਕਦੇ ਹਨ ਅਤੇ ਜ਼ਿਆਦਾਤਰ ਲੋਕ ਕਹਿੰਦੇ ਹਨ ਕਿ ਉਹ ਆਪਣੀ ਜ਼ਿੰਦਗੀ ਦਾ ਅਨੰਦ ਲੈਂਦੇ ਹਨ। ਸਹਾਇਤਾ ਦੇ ਨਾਲ, ਡਾਊਨਜ਼ ਸਿੰਡ੍ਰੋਮ ਵਾਲੇ ਬਹੁਤ ਸਾਰੇ ਲੋਕ ਨੌਕਰੀਆਂ ਹਾਸਲ ਕਰ ਸਕਦੇ ਹਨ, ਰਿਸ਼ਤੇ ਬਣਾ ਸਕਦੇ ਹਨ ਅਤੇ ਬਾਲਗ ਜੀਵਨ ਵਿੱਚ ਅਰਧ-ਸੁਤੰਤਰ ਜ਼ਿੰਦਗੀ ਬਤੀਤ ਕਰਦੇ ਹਨ।
ਐਡਵਰਡਜ਼ ਸਿੰਡ੍ਰੋਮ (T18) ਅਤੇ ਪਟਾਉਜ਼ ਸਿੰਡ੍ਰੋਮ (T13)
ਐਡਵਰਡਜ਼ ਸਿੰਡ੍ਰੋਮ ਵਾਲੇ ਬੱਚਿਆਂ ਵਿੱਚ ਸਾਰੇ ਜਾਂ ਕੁਝ ਸੈੱਲਾਂ ਵਿੱਚ ਕ੍ਰੋਮੋਸੋਮ 18 ਦੀ ਇੱਕ ਵਾਧੂ ਕਾਪੀ ਹੁੰਦੀ ਹੈ। ਪਟਾਉਜ਼ ਸਿੰਡ੍ਰੋਮ ਵਾਲੇ ਬੱਚਿਆਂ ਵਿੱਚ ਸਾਰੇ ਜਾਂ ਕੁਝ ਸੈੱਲਾਂ ਵਿੱਚ ਕ੍ਰੋਮੋਸੋਮ 13 ਦੀ ਇੱਕ ਵਾਧੂ ਕਾਪੀ ਹੁੰਦੀ ਹੈ।
ਅਫ਼ਸੋਸ ਦੀ ਗੱਲ ਇਹ ਹੈ ਕਿ ਜੀਵਿਤ ਰਹਿਣ ਦੀ ਦਰ ਘੱਟ ਹੈ ਅਤੇ ਤਕਰੀਬਨ ਐਡਵਰਡਜ਼ ਸਿੰਡ੍ਰੋਮ ਦੇ ਨਾਲ ਜਿਉਂਦੇ ਪੈਦਾ ਹੋਣ ਵਾਲੇ 13%, ਅਤੇ ਪਟਾਉਜ਼ ਸਿੰਡ੍ਰੋਮ ਨਾਲ ਪੈਦਾ ਹੋਣ ਵਾਲੇ 11% ਬੱਚੇ ਹੀ ਆਪਣੇ ਪਹਿਲੇ ਜਨਮਦਿਨ ਤੋਂ ਬਾਦ ਤੱਕ ਜਿਉਂਦੇ ਰਹਿਣਗੇ। ਕੁਝ ਬੱਚੇ ਬਾਲਗ ਉਮਰ ਤਕ ਜਿਉਂਦੇ ਰਹਿੰਦੇ ਹਨ ਪਰ ਇਹ ਵਿਰਲੇ ਹੀ ਹੁੰਦਾ ਹੈ।
ਐਡਵਰਡਜ਼ ਸਿੰਡ੍ਰੋਮ ਅਤੇ ਪਟਾਉਜ਼ ਸਿੰਡ੍ਰੋਮ ਦੇ ਨਾਲ ਪੈਦਾ ਹੋਏ ਸਾਰੇ ਬੱਚਿਆਂ ਵਿੱਚ ਸਿੱਖਣ ਦੀ ਅਸਮਰਥਤਾ ਅਤੇ ਬਹੁਤ ਸਾਰੀਆਂ ਸਰੀਰਕ ਚੁਣੌਤੀਆਂ ਹੋਣਗੀਆਂ, ਜੋ ਬਹੁਤ ਗੰਭੀਰ ਹੋ ਸਕਦੀਆਂ ਹਨ। ਉਨ੍ਹਾਂ ਨੂੰ ਆਪਣੇ ਦਿਲ, ਸਾਹ-ਪ੍ਰਣਾਲੀ, ਗੁਰਦਿਆਂ ਅਤੇ ਪਾਚਣ-ਪ੍ਰਣਾਲੀਆਂ ਨਾਲ ਸੰਬੰਧਿਤ ਸਮੱਸਿਆਵਾਂ ਹੋ ਸਕਦੀਆਂ ਹਨ।
ਪਟਾਉਜ਼ ਸਿੰਡ੍ਰੋਮ ਵਾਲੇ ਲਗਭਗ ਅੱਧੇ ਬੱਚਿਆਂ ਦੇ ਬੁੱਲ੍ਹ ਅਤੇ ਤਾਲੂ ਵੀ ਖ਼ਰਾਬ ਹਾਲਤ ਵਿੱਚ ਹੋਣਗੇ। ਐਡਵਰਡਜ਼ ਸਿੰਡ੍ਰੋਮ ਅਤੇ ਪਟਾਉਜ਼ ਸਿੰਡ੍ਰੋਮ ਵਾਲੇ ਬੱਚਿਆਂ ਦਾ ਜਨਮ ਦੇ ਸਮੇਂ ਭਾਰ ਬਹੁਤ ਘੱਟ ਹੋਵੇਗਾ।
ਆਪਣੀਆਂ ਮੁਸ਼ਕਲਾਂ ਦੇ ਬਾਵਜੂਦ, ਬੱਚੇ ਹੌਲੀ-ਹੌਲੀ ਆਪਣੇ ਵਿਕਾਸ ਵਿੱਚ ਤਰੱਕੀ ਕਰ ਸਕਦੇ ਹਨ। ਦੋਵਾਂ ਵਿੱਚੋਂ ਕਿਸੇ ਵੀ ਸਮੱਸਿਆ ਵਾਲੇ ਵੱਡੇ ਬੱਚਿਆਂ ਨੂੰ ਕਿਸੇ ਵਿਸ਼ੇਸ਼ ਸਕੂਲ ਵਿੱਚ ਜਾਣ ਦੀ ਲੋੜ ਹੋਵੇਗੀ।
ਡਾਊਨਜ਼ ਸਿੰਡ੍ਰੋਮ ਹਰ 10,000 ਜਨਮਾਂ ਵਿੱਚੋਂ 10 ਵਿੱਚ ਹੁੰਦਾ ਹੈ। ਐਡਵਰਡਜ਼ ਸਿੰਡ੍ਰੋਮ ਹਰ 10,000 ਜਨਮਾਂ ਵਿੱਚੋਂ 3 ਵਿੱਚ ਹੁੰਦਾ ਹੈ। ਪਟਾਉਜ਼ ਸਿੰਡ੍ਰੋਮ ਹਰ 10,000 ਜਨਮਾਂ ਵਿੱਚੋਂ 2 ਵਿੱਚ ਹੁੰਦਾ ਹੈ।
4. ਪਹਿਲਾ ਸਕ੍ਰੀਨਿੰਗ ਟੈਸਟ
ਜੇ ਤੁਸੀਂ ਸੰਯੁਕਤ ਟੈਸਟ ਕਰਵਾਉਣ ਦੀ ਚੋਣ ਕਰਦੇ ਹੋ, ਤਾਂ ਇਸ ਵਿੱਚ ਇਹ ਸ਼ਾਮਲ ਹੋਵੇਗਾ:
- ਗਰਭ-ਅਵਸਥਾ ਦੇ 10 ਤੋਂ 14 ਹਫ਼ਤਿਆਂ ਦੇ ਵਿਚਕਾਰ ਤੁਹਾਡੀ ਬਾਂਹ ਤੋਂ ਖੂਨ ਦਾ ਨਮੂਨਾ ਲਿਆ ਜਾਣਾ
- ਗਰਭ-ਅਵਸਥਾ ਦੇ 11 ਤੋਂ 14 ਹਫ਼ਤਿਆਂ ਦੇ ਵਿਚਕਾਰ ਤੁਹਾਡੇ ਬੱਚੇ ਦੀ ਗਰਦਨ ਦੇ ਪਿਛਲੇ ਪਾਸੇ ਤਰਲ ਪਦਾਰਥ ਦਾ ਅਲਟ੍ਰਾਸਾਉਂਡ ਮਾਪ - ਇਸ ਨੂੰ ਨਿਉਚਲ ਟ੍ਰਾਂਸਲੁਸੇਂਸੀ (NT) ਵਜੋਂ ਜਾਣਿਆ ਜਾਂਦਾ ਹੈ
ਇਹ ਜਾਣਕਾਰੀ ਤੁਹਾਡੀ ਉਮਰ ਦੇ ਨਾਲ ਜੋੜ ਕੇ ਤੁਹਾਡੇ ਬੱਚੇ ਨੂੰ ਸਮੱਸਿਆ ਹੋਣ ਦੀ ਸੰਭਾਵਨਾ ਕੱਢੀ ਜਾਂਦੀ ਹੈ।
ਜੇ ਤੁਹਾਡੀ ਗਰਭ-ਅਵਸਥਾ 14 ਹਫ਼ਤਿਆਂ ਤੋਂ ਵੱਧ ਦੀ ਹੈ ਤਾਂ ਸੰਯੁਕਤ ਟੈਸਟ ਢੁਕਵਾਂ ਨਹੀਂ ਹੈ। ਇਸ ਦੀ ਬਜਾਏ ਤੁਹਾਨੂੰ ਹੇਠਾਂ ਦਿੱਤੇ ਦੀ ਪੇਸ਼ਕਸ਼ ਕੀਤੀ ਜਾਏਗੀ:
- ਗਰਭ-ਅਵਸਥਾ ਦੇ 14 ਤੋਂ 20 ਹਫ਼ਤਿਆਂ ਦੇ ਵਿਚਕਾਰ ਡਾਊਨਜ਼ ਸਿੰਡ੍ਰੋਮ ਦੀ ਜਾਂਚ ਕਰਨ ਲਈ ਖੂਨ ਦੀ ਜਾਂਚ, ਜਿਸ ਨੂੰ ਚਹੁਰਾ ਟੈਸਟ ਕਿਹਾ ਜਾਂਦਾ ਹੈ, (ਇਹ ਜਾਂਚ ਸੰਯੁਕਤ ਟੈਸਟ ਜਿੰਨੀ ਸਹੀ ਨਹੀਂ ਹੈ)
- ਐਡਵਰਡਜ਼ ਸਿੰਡ੍ਰੋਮ ਅਤੇ ਪਟਾਉਜ਼ ਸਿੰਡ੍ਰੋਮ ਵਾਸਤੇ ਜਾਂਚ ਕਰਨ ਲਈ 20 ਹਫ਼ਤਿਆਂ ਦਾ ਸਕੈਨ
5. ਟੈਸਟ ਦੀ ਸੁਰੱਖਿਆ
ਸਕ੍ਰੀਨਿੰਗ ਟੈਸਟ ਤੁਹਾਨੂੰ ਜਾਂ ਤੁਹਾਡੇ ਬੱਚੇ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ ਪਰ ਇਹ ਟੈਸਟ ਕਰਾਉਣਾ ਹੈ ਜਾਂ ਨਹੀਂ ਇਸ ਬਾਰੇ ਸਾਵਧਾਨੀ ਨਾਲ ਵਿਚਾਰ ਕਰਨਾ ਮਹੱਤਵਪੂਰਨ ਹੈ।
ਟੈਸਟ ਤੁਹਾਨੂੰ ਇਹ ਨਹੀਂ ਦੱਸ ਸਕਦਾ ਕਿ ਤੁਹਾਡੇ ਬੱਚੇ ਵਿੱਚ ਨਿਸ਼ਚਿਤ ਰੂਪ ਵਿੱਚ ਇਹਨਾਂ ਵਿੱਚੋਂ ਇੱਕ ਸਮੱਸਿਆ ਹੈ। ਇਹ ਉਹ ਜਾਣਕਾਰੀ ਮੁਹੱਈਆ ਕਰ ਸਕਦਾ ਹੈ ਜਿਸਦੇ ਨਤੀਜੇ ਵਜੋਂ ਤੁਹਾਡੀ ਗਰਭ-ਅਵਸਥਾ ਬਾਰੇ ਹੋਰ ਫੈਸਲੇ ਲੈਣੇ ਪੈ ਸਕਦੇ ਹਨ।
ਜੇ ਤੁਹਾਨੂੰ ਪਹਿਲੇ ਸਕ੍ਰੀਨਿੰਗ ਟੈਸਟ ਤੋਂ ਉੱਚ ਸੰਭਾਵਨਾ ਵਾਲਾ ਨਤੀਜਾ ਮਿਲਦਾ ਹੈ, ਤਾਂ ਤੁਹਾਨੂੰ ਇਹ ਫੈਸਲਾ ਕਰਨ ਦੀ ਲੋੜ ਹੋ ਸਕਦੀ ਹੈ ਕਿ ਦੂਜਾ ਸਕ੍ਰੀਨਿੰਗ ਟੈਸਟ ਕਰਾਉਣਾ ਹੈ ਜਾਂ ਰੋਗ ਦਾ ਪਤਾ ਲਗਾਉਣ ਲਈ ਟੈਸਟ ਕਰਾਉਣਾ ਹੈ ਜਿਸ ਵਿੱਚ ਗਰਭਪਾਤ ਹੋਣ ਦਾ ਜੋਖਮ ਹੁੰਦਾ ਹੈ। ਜੇ ਤੁਸੀਂ ਰੋਗ ਦਾ ਪਤਾ ਲਗਾਉਣ ਲਈ ਟੈਸਟ ਕਰਵਾਉਂਦੇ ਹੋ, ਤਾਂ ਨਤੀਜੇ ਦੇ ਅਧਾਰ ‘ਤੇ, ਤੁਹਾਨੂੰ ਇਹ ਫੈਸਲਾ ਕਰਨ ਦੀ ਲੋੜ ਹੋ ਸਕਦੀ ਹੈ ਕਿ ਆਪਣੀ ਗਰਭ ਅਵਸਥਾ ਨੂੰ ਜਾਰੀ ਰੱਖਣਾ ਹੈ ਜਾਂ ਸਮਾਪਤ ਕਰਨਾ ਹੈ।
6. ਸਕ੍ਰੀਨਿੰਗ ਦੇ ਸੰਭਾਵੀ ਨਤੀਜੇ
ਇਸ ਗੱਲ ‘ਤੇ ਨਿਰਭਰ ਕਰਦੇ ਹੋਏ ਕਿ ਤੁਸੀਂ ਕਦੋਂ ਸਕ੍ਰੀਨਿੰਗ ਟੈਸਟ ਕਰਵਾਉਣ ਦਾ ਫੈਸਲਾ ਕੀਤਾ ਸੀ, ਅਸੀਂ ਤੁਹਾਨੂੰ ਇਹਨਾਂ ਵਿੱਚੋਂ ਇੱਕ ਜਾਂ ਦੋਵੇਂ ਦੇਵਾਂਗੇ:
- ਡਾਊਨਜ਼ ਸਿੰਡ੍ਰੋਮ ਲਈ ਨਤੀਜਾ
- ਐਡਵਰਡਜ਼ ਸਿੰਡ੍ਰੋਮ ਅਤੇ ਪਟਾਉਜ਼ ਸਿੰਡ੍ਰੋਮ ਵਾਸਤੇ ਸੰਯੁਕਤ ਨਤੀਜਾ
ਘੱਟ ਸੰਭਾਵਨਾ ਵਾਲੇ ਨਤੀਜੇ ਦਾ ਮਤਲਬ ਹੈ ਇਸਦੀ ਸੰਭਾਵਨਾ ਨਹੀਂ ਹੈ, ਹਾਲਾਂਕਿ ਹਾਲੇ ਵੀ ਸੰਭਵ ਹੈ, ਤੁਹਾਡੇ ਬੱਚੇ ਨੂੰ ਇਹ ਸਮੱਸਿਆ ਹੋਵੇਗੀ। ਬਹੁਤੇ ਸਕ੍ਰੀਨਿੰਗ ਟੈਸਟ ਦੇ ਨਤੀਜੇ (ਲਗਭਗ 97%) ਘੱਟ ਸੰਭਾਵਨਾ ਵਾਲੇ ਹੁੰਦੇ ਹਨ।
ਉੱਚ-ਸੰਭਾਵਨਾ ਵਾਲੇ ਨਤੀਜੇ ਦਾ ਅਰਥ ਹੈ ਕਿ ਇਸਦੀ ਜ਼ਿਆਦਾ ਸੰਭਾਵਨਾ ਹੈ, ਪਰ ਨਿਸ਼ਚਿਤ ਨਹੀਂ ਹੈ, ਕਿ ਤੁਹਾਡੇ ਬੱਚੇ ਨੂੰ ਇਹ ਸਮੱਸਿਆ ਹੋਵੇਗੀ। ਕੁੱਲ ਮਿਲਾ ਕੇ, ਲਗਭਗ 3% ਜਾਂਚ ਦੇ ਨਤੀਜੇ ਉੱਚ ਸੰਭਾਵਨਾ ਵਾਲੇ ਹੁੰਦੇ ਹਨ।
ਅਸੀਂ ਹਰੇਕ ਨਤੀਜਾ ਇੱਕ ਸੰਭਾਵਨਾ ਦੇ ਰੂਪ ਵਿੱਚ ਦੇਵਾਂਗੇ, ਉਦਾਹਰਨ ਵਜੋਂ ਤੁਹਾਡੇ ਬੱਚੇ ਦੇ ਡਾਊਨਜ਼ ਸਿੰਡ੍ਰੋਮ ਨਾਲ ਪੈਦਾ ਹੋਣ ਦੀ ‘150 ਵਿੱਚ 1 ਸੰਭਾਵਨਾ’ ਹੈ। ਪਹਿਲੀ ਸੰਖਿਆ ਜਿੰਨੀ ਵੱਡੀ ਹੋਵੇਗੀ (ਜਿਵੇਂ 150), ਤੁਹਾਡੇ ਬੱਚੇ ਦੇ ਇਸ ਸਮੱਸਿਆ ਨਾਲ ਪੈਦਾ ਹੋਣ ਦੀ ਸੰਭਾਵਨਾ ਓਨੀ ਹੀ ਘੱਟ ਹੋਵੇਗੀ। ਇਸ ਲਈ ‘200 ਵਿੱਚੋਂ 1 ਸੰਭਾਵਨਾ’, ‘100 ਵਿੱਚੋਂ 1 ਸੰਭਾਵਨਾ’ ਨਾਲੋਂ ਘੱਟ ਹੁੰਦੀ ਹੈ।
‘ਘੱਟ-ਸੰਭਾਵਨਾ’ ਵਾਲਾ ਨਤੀਜਾ 151 ਜਾਂ ਇਸ ਤੋਂ ਵੱਧ ਵਿੱਚੋਂ 1 ਸੰਭਾਵਨਾ ਹੁੰਦਾ ਹੈ, ਉਦਾਹਰਨ ਵਜੋਂ 300 ਵਿੱਚ 1 ਸੰਭਾਵਨਾ। ਇੱਕ ‘ਉੱਚ-ਸੰਭਾਵਨਾ’ ਵਾਲਾ ਨਤੀਜਾ 150 ਤਕ ਵਿੱਚੋਂ 1 ਸੰਭਾਵਨਾ ਹੁੰਦਾ ਹੈ, ਉਦਾਹਰਨ ਵਜੋਂ 100 ਵਿੱਚ 1 ਸੰਭਾਵਨਾ।
ਉਦਾਹਰਨ ਲਈ, ‘300 ਵਿੱਚ 1 ਸੰਭਾਵਨਾ’ ਦਾ ਅਰਥ ਸਮਝਣ ਲਈ, 300 ਔਰਤਾਂ ਦੇ ਸਮੂਹ ਦੀ ਕਲਪਨਾ ਕਰੋ। ਇਨ੍ਹਾਂ ਵਿੱਚੋਂ ਇੱਕ ਔਰਤ ਬੱਚੇ ਦੇ ਗਰਭ ਵਿੱਚ ਅਜਿਹਾ ਬੱਚਾ ਹੋਵੇਗਾ ਜਿਸ ਨੂੰ ਇਹ ਸਮੱਸਿਆ ਹੈ।
7. ਟੈਸਟ ਨਾ ਕਰਵਾਉਣਾ
ਜੇ ਤੁਸੀਂ ਡਾਊਨਜ਼ ਸਿੰਡ੍ਰੋਮ, ਐਡਵਰਡਜ਼ ਸਿੰਡ੍ਰੋਮ ਅਤੇ ਪਟਾਉਜ਼ (Patau’s) ਸਿੰਡ੍ਰੋਮ ਲਈ ਸਕ੍ਰੀਨਿੰਗ ਟੈਸਟ ਨਾ ਕਰਵਾਉਣ ਦਾ ਫੈਸਲਾ ਕਰਦੇ ਹੋ, ਤਾਂ ਤੁਹਾਡੀ ਬਾਕੀ ਦੀ ਜਨਮ ਤੋਂ ਪਹਿਲਾਂ ਦੀ ਦੇਖਭਾਲ ‘ਤੇ ਕੋਈ ਅਸਰ ਨਹੀਂ ਪਵੇਗਾ।
ਤੁਹਾਡੀ ਗਰਭ-ਅਵਸਥਾ ਦੌਰਾਨ ਕੋਈ ਵੀ ਸਕੈਨ ਤੁਹਾਡੇ ਬੱਚੇ ਵਿੱਚ ਸਰੀਰਕ ਸਮੱਸਿਆਵਾਂ ਦਾ ਪਤਾ ਲਗਾ ਸਕਦਾ ਹੈ ਜੋ ਇਨ੍ਹਾਂ ਸਮੱਸਿਆਵਾਂ ਨਾਲ ਸੰਬੰਧਿਤ ਹੋ ਸਕਦੀਆਂ ਹਨ। ਜੇਕਰ ਸਕੈਨ ਦੇ ਦੌਰਾਨ ਕੁਝ ਗੈਰ-ਸੰਭਾਵੀ ਨਤੀਜਾ ਪਾਇਆ ਜਾਂਦਾ ਹੈ, ਤਾਂ ਤੁਹਾਨੂੰ ਹਮੇਸ਼ਾ ਇਸ ਬਾਰੇ ਸੂਚਿਤ ਕੀਤਾ ਜਾਵੇਗਾ।
8. ਮੇਰੇ ਨਤੀਜੇ ਪ੍ਰਾਪਤ ਕਰਨੇ
ਜੇ ਤੁਹਾਡਾ ਸਕ੍ਰੀਨਿੰਗ ਟੈਸਟ ਘੱਟ-ਸੰਭਾਵਨਾ ਵਾਲਾ ਨਤੀਜਾ ਦਰਸਾਉਂਦਾ ਹੈ, ਤਾਂ ਤੁਹਾਨੂੰ ਟੈਸਟ ਲਏ ਜਾਣ ਦੇ 2 ਹਫ਼ਤਿਆਂ ਦੇ ਅੰਦਰ ਦੱਸਿਆ ਜਾਵੇਗਾ।
ਜੇ ਤੁਹਾਡਾ ਸਕ੍ਰੀਨਿੰਗ ਟੈਸਟ ਇੱਕ ਉੱਚ-ਸੰਭਾਵਨਾ ਵਾਲਾ ਨਤੀਜਾ ਦਰਸਾਉਂਦਾ ਹੈ, ਤਾਂ ਤੁਹਾਨੂੰ ਟੈਸਟ ਕਰਵਾਉਣ ਦੇ ਇੱਕ ਹਫ਼ਤੇ ਦੇ ਅੰਦਰ ਦੱਸਿਆ ਜਾਵੇਗਾ। ਤੁਹਾਨੂੰ ਹੇਠਾਂ ਦਿੱਤੇ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਅਪਾਇੰਟਮੈਂਟ ਦੀ ਪੇਸ਼ਕਸ਼ ਕੀਤੀ ਜਾਏਗੀ:
- ਟੈਸਟ ਦੇ ਨਤੀਜੇ ਅਤੇ ਉਹਨਾਂ ਦਾ ਕੀ ਅਰਥ ਹੈ
- ਸਮੱਸਿਆ ਜੋ ਤੁਹਾਡੇ ਬੱਚੇ ਨੂੰ ਹੋ ਸਕਦੀ ਹੈ
- ਤੁਹਾਡੇ ਲਈ ਉਪਲਬਧ ਚੋਣਾਂ
9. ਹੋਰ ਟੈਸਟ
ਜੇ ਤੁਹਾਡਾ ਨਤੀਜਾ ਘੱਟ ਸੰਭਾਵਨਾ ਵਾਲਾ ਹੁੰਦਾ ਹੈ ਤਾਂ ਤੁਹਾਨੂੰ ਹੋਰ ਟੈਸਟ ਦੀ ਪੇਸ਼ਕਸ਼ ਨਹੀਂ ਕੀਤੀ ਜਾਵੇਗੀ।
ਜੇ ਤੁਹਾਡਾ ਉੱਚ-ਸੰਭਾਵਨਾ ਵਾਲਾ ਨਤੀਜਾ ਆਉਂਦਾ ਹੈ, ਤਾਂ ਤੁਸੀਂ ਫੈਸਲਾ ਕਰ ਸਕਦੇ ਹੋ:
- ਕੋਈ ਹੋਰ ਟੈਸਟ ਨਹੀਂ ਕਰਵਾਉਣਾ ਹੈ
- ਰੋਗ ਦਾ ਪਤਾ ਲਗਾਉਣ ਲਈ ਟੈਸਟ ਕਰਵਾਉਣ ਜਾਂ ਨਾ ਕਰਵਾਉਣ ਦੀ ਚੋਣ ਕਰਨ ਤੋਂ ਪਹਿਲਾਂ ਵਧੇਰੇ ਸਹੀ ਸਕ੍ਰੀਨਿੰਗ ਨਤੀਜੇ ਪ੍ਰਾਪਤ ਕਰਨ ਲਈ ਦੂਜਾ ਸਕ੍ਰੀਨਿੰਗ ਟੈਸਟ (ਜਿਸ ਨੂੰ NIPT ਕਿਹਾ ਜਾਂਦਾ ਹੈ) ਕਰਵਾਉਣਾ
- ਸਿੱਧਾ ਰੋਗ ਦਾ ਪਤਾ ਲਗਾਉਣ ਲਈ ਟੈਸਟ ਕਰਵਾਉਣਾ
ਤੁਹਾਡੇ ਫੈਸਲਿਆਂ ਦਾ ਸਨਮਾਨ ਕੀਤਾ ਜਾਵੇਗਾ ਅਤੇ ਸਿਹਤ ਦੇਖਭਾਲ ਪੇਸ਼ੇਵਰ ਤੁਹਾਡੀ ਸਹਾਇਤਾ ਕਰਨਗੇ। ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡੇ ਫੈਸਲਿਆਂ ਦਾ ਸਤਿਕਾਰ ਨਹੀਂ ਕੀਤਾ ਜਾ ਰਿਹਾ ਹੈ ਤਾਂ ਤੁਹਾਨੂੰ ਆਵਾਜ਼ ਉਠਾਉਣੀ ਚਾਹੀਦੀ ਹੈ। ਸਹਾਇਤਾ ਸੰਗਠਨਾਂ ਤੋਂ ਵੀ ਜਾਣਕਾਰੀ ਉਪਲਬਧ ਹੈ।
ਤੁਹਾਨੂੰ ਸਕ੍ਰੀਨਿੰਗ ਜਾਂ ਰੋਗ ਦਾ ਪਤਾ ਲਗਾਉਣ ਲਈ ਟੈਸਟਾਂ ਦੇ ਜੋ ਵੀ ਨਤੀਜੇ ਮਿਲਦੇ ਹਨ, ਤੁਹਾਨੂੰ ਇਹ ਫੈਸਲਾ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਸਹਾਇਤਾ ਅਤੇ ਦੇਖਭਾਲ ਮਿਲੇਗੀ ਕਿ ਅੱਗੇ ਕੀ ਕਰਨਾ ਹੈ।
10. ਦੂਜਾ ਸਕ੍ਰੀਨਿੰਗ ਟੈਸਟ (NIPT)
ਦੂਜਾ ਸਕ੍ਰੀਨਿੰਗ ਟੈਸਟ ਇੱਕ ਹੋਰ ਖੂਨ ਦਾ ਟੈਸਟ ਹੁੰਦਾ ਹੈ ਜਿਸ ਨੂੰ NIPT (ਸਰੀਰ ਦੇ ਅੰਦਰ ਦਖ਼ਲ ਨਾ ਦੇਣ ਵਾਲੀ ਟੈਸਟਿੰਗ) ਕਿਹਾ ਜਾਂਦਾ ਹੈ।
NIPT ਸੰਯੁਕਤ ਜਾਂ ਚਹੁਰੇ ਟੈਸਟ ਨਾਲੋਂ ਵਧੇਰੇ ਸਹੀ ਹੁੰਦਾ ਹੈ, ਹਾਲਾਂਕਿ ਇਹ ਜੁੜਵਾਂ ਗਰਭ-ਅਵਸਥਾਵਾਂ ਵਿੱਚ ਓਨਾ ਸਹੀ ਨਹੀਂ ਹੁੰਦਾ। ਇਹ ਤੁਹਾਡੇ ਖੂਨ ਵਿੱਚ DNA (ਜੈਨੇਟਿਕ ਸਮੱਗਰੀ) ਨੂੰ ਮਾਪ ਕੇ ਕੰਮ ਕਰਦਾ ਹੈ। ਇਸ ਵਿੱਚੋਂ ਕੁਝ DNA ਬੱਚੇ ਦੇ ਪਲੇਸੈਂਟਾ ਤੋਂ ਹੋਵੇਗਾ। ਜੇ ਕ੍ਰੋਮੋਸੋਮ 21, 18 ਜਾਂ 13 ਤੋਂ ਉਮੀਦ ਨਾਲੋਂ ਜ਼ਿਆਦਾ DNA ਹੈ, ਤਾਂ ਇਸਦਾ ਅਰਥ ਇਹ ਹੋ ਸਕਦਾ ਹੈ ਕਿ ਤੁਹਾਡੇ ਬੱਚੇ ਨੂੰ ਡਾਊਨਜ਼ ਸਿੰਡ੍ਰੋਮ, ਐਡਵਰਡਜ਼ ਸਿੰਡ੍ਰੋਮ ਜਾਂ ਪਟਾਉਜ਼ ਸਿੰਡ੍ਰੋਮ ਹੈ। ਹਰ ਸਕ੍ਰੀਨਿੰਗ ਟੈਸਟ ਦੀ ਤਰ੍ਹਾਂ, ਹਾਲਾਂਕਿ, ਇਹ ਕੋਈ ਨਿਸ਼ਚਿਤ ਉੱਤਰ ਨਹੀਂ ਦਿੰਦਾ ਹੈ। NIPT ਨਾਲ ਤੁਹਾਡੇ ਬੱਚੇ ਨੂੰ ਨੁਕਸਾਨ ਨਹੀਂ ਪਹੁੰਚ ਸਕਦਾ। ਜ਼ਿਆਦਾਤਰ ਔਰਤਾਂ ਨੂੰ ਆਪਣਾ ਨਤੀਜਾ 2 ਹਫ਼ਤਿਆਂ ਦੇ ਅੰਦਰ ਮਿਲ ਜਾਵੇਗਾ।
ਬਹੁਤੇ ਲੋਕਾਂ ਨੂੰ ਇੱਕ ਘੱਟ-ਸੰਭਾਵਨਾ ਵਾਲਾ ਨਤੀਜਾ ਮਿਲੇਗਾ, ਭਾਵ ਤੁਹਾਡੀ ਸਮੱਸਿਆ ਵਾਲਾ ਬੱਚਾ ਪੈਦਾ ਹੋਣ ਦੀ ਸੰਭਾਵਨਾ ਘੱਟ ਹੈ। ਤੁਹਾਨੂੰ ਰੋਗ ਦਾ ਪਤਾ ਲਗਾਉਣ ਲਈ ਟੈਸਟ ਦੀ ਪੇਸ਼ਕਸ਼ ਨਹੀਂ ਕੀਤੀ ਜਾਏਗੀ।
ਜੇ ਤੁਹਾਡਾ NIPT ਨਤੀਜਾ ਉੱਚ-ਸੰਭਾਵਨਾ ਵਾਲਾ ਨਤੀਜਾ ਦਰਸਾਉਂਦਾ ਹੈ ਤਾਂ ਤੁਹਾਡੇ ਬੱਚੇ ਨੂੰ ਸਮੱਸਿਆ ਹੋਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ। ਫਿਰ ਤੁਹਾਨੂੰ ਰੋਗ ਦਾ ਪਤਾ ਲਗਾਉਣ ਲਈ ਟੈਸਟ ਦੀ ਪੇਸ਼ਕਸ਼ ਕੀਤੀ ਜਾਏਗੀ, ਹਾਲਾਂਕਿ ਇਹ ਤੁਹਾਡੀ ਮਰਜ਼ੀ ਹੁੰਦੀ ਹੈ ਕਿ ਇਹ ਕਰਵਾਉਣਾ ਹੈ ਜਾਂ ਨਹੀਂ।
ਬਹੁਤ ਘੱਟ ਮਾਮਲਿਆਂ ਵਿੱਚ, NIPT ਸ਼ਾਇਦ ਕੋਈ ਨਤੀਜਾ ਨਾ ਦੇਵੇ। ਫਿਰ ਤੁਸੀਂ ਇੱਕ ਹੋਰ NIPT, ਰੋਗ ਦਾ ਪਤਾ ਲਗਾਉਣ ਲਈ ਟੈਸਟ ਜਾਂ ਕੋਈ ਹੋਰ ਟੈਸਟਿੰਗ ਦੇ ਵਿਚਕਾਰ ਚੋਣ ਕਰ ਸਕਦੇ ਹੋ।
11. ਰੋਗ ਦਾ ਪਤਾ ਲਗਾਉਣ ਲਈ ਟੈਸਟ (CVS ਜਾਂ ਅਮੀਨੋਸੈਂਟੇਸਿਸ)
ਰੋਗ ਦੀ ਪਛਾਣ ਕਰਨ ਲਈ ਟੈਸਟ ਨਿਸ਼ਚਿਤ ਜਵਾਬ ਦਿੰਦੇ ਹਨ। ਉਹ ਤੁਹਾਡੇ ਬੱਚੇ ਦੇ ਪਲੇਸੈਂਟਾ ਜਾਂ ਆਸ-ਪਾਸ ਦੇ ਤਰਲ ਦੇ ਸੈੱਲਾਂ ਦੀ ਜਾਂਚ ਕਰਦੇ ਹਨ।
ਰੋਗ ਦੀ ਪਛਾਣ ਕਰਨ ਲਈ ਟੈਸਟ ਡਾਊਨਜ਼ ਸਿੰਡ੍ਰੋਮ, ਐਡਵਰਡਜ਼ ਸਿੰਡ੍ਰੋਮ ਜਾਂ ਪਟਾਉਜ਼ ਸਿੰਡ੍ਰੋਮ ਤੋਂ ਇਲਾਵਾ ਹੋਰ ਸਮੱਸਿਆਵਾਂ ਦਾ ਪਤਾ ਲਗਾ ਸਕਦੇ ਹਨ ਪਰ ਇਹ ਬਹੁਤ ਘੱਟ ਹੁੰਦਾ ਹੈ। ਰੋਗ ਦੀ ਪਛਾਣ ਕਰਨ ਲਈ ਟੈਸਟ ਕਰਵਾਉਣ ਵਾਲੀ 200 ਵਿੱਚੋਂ 1 ਔਰਤ (0.5%) ਦਾ ਟੈਸਟ ਦੇ ਨਤੀਜੇ ਵਜੋਂ ਗਰਭਪਾਤ ਹੋ ਜਾਵੇਗਾ। 2 ਕਿਸਮਾਂ ਦੇ ਰੋਗ ਦੀ ਪਛਾਣ ਕਰਨ ਲਈ ਟੈਸਟ ਹੁੰਦੇ ਹਨ: ਕੋਰਿਓਨਿਕ ਵਿੱਲਸ ਸੈਂਪਲਿੰਗ (CVS) ਅਤੇ ਅਮੀਨੋਸੈਂਟੇਸਿਸ।
11.1 CVS (chorionic villus sampling) (ਕੋਰਿਓਨਿਕ ਵਿੱਲਸ ਸੈਂਪਲਿੰਗ)
ਇਹ ਆਮ ਤੌਰ ‘ਤੇ ਗਰਭ-ਅਵਸਥਾ ਦੇ 11 ਤੋਂ 14 ਹਫ਼ਤਿਆਂ ਤੱਕ ਕੀਤਾ ਜਾਂਦਾ ਹੈ ਪਰ ਬਾਅਦ ਵਿੱਚ ਵੀ ਕੀਤਾ ਜਾ ਸਕਦਾ ਹੈ। ਇੱਕ ਬਰੀਕ ਸੂਈ, ਜੋ ਆਮ ਤੌਰ ‘ਤੇ ਮਾਂ ਦੇ ਪੇਟ ਵਿੱਚ ਪਾਈ ਜਾਂਦੀ ਹੈ, ਪਲੇਸੈਂਟਾਂ ਤੋਂ ਛੋਟੇ ਟਿਸ਼ੂ ਦੇ ਨਮੂਨੇ ਲੈਣ ਲਈ ਵਰਤੀ ਜਾਂਦੀ ਹੈ।
11.2 ਅਮੀਨੋਸੈਂਟੇਸਿਸ
ਇਹ ਆਮ ਤੌਰ ‘ਤੇ ਗਰਭ-ਅਵਸਥਾ ਦੇ 15 ਹਫ਼ਤੇ ਦੇ ਬਾਅਦ ਕੀਤਾ ਜਾਂਦਾ ਹੈ। ਇੱਕ ਬਰੀਕ ਸੂਈ ਆਮ ਤੌਰ ‘ਤੇ ਮਾਂ ਦੇ ਪੇਟ ਰਾਹੀਂ ਬੱਚੇਦਾਨੀ ਤਕ ਪਹੁੰਚਾਈ ਜਾਂਦੀ ਹੈ ਤਾਂ ਜੋ ਬੱਚੇ ਦੇ ਆਲੇ-ਦੁਆਲੇ ਵਾਲੇ ਤਰਲ ਦਾ ਇੱਕ ਛੋਟਾ ਜਿਹਾ ਨਮੂਨਾ ਲਿਆ ਜਾ ਸਕੇ।
12. ਰੋਗ ਦੀ ਪਛਾਣ ਕਰਨ ਲਈ ਟੈਸਟ ਦੇ ਨਤੀਜੇ
ਰੋਗ ਦੀ ਪਛਾਣ ਕਰਨ ਲਈ ਟੈਸਟ ਤੋਂ ਬਾਅਦ, ਕੁਝ ਔਰਤਾਂ ਨੂੰ ਪਤਾ ਲੱਗ ਜਾਵੇਗਾ ਕਿ ਉਹਨਾਂ ਦੇ ਬੱਚੇ ਨੂੰ ਡਾਊਨਜ਼ ਸਿੰਡ੍ਰੋਮ, ਐਡਵਰਡਜ਼ ਸਿੰਡ੍ਰੋਮ ਜਾਂ ਪਟਾਉਜ਼ ਸਿੰਡ੍ਰੋਮ ਹੈ। ਫਿਰ ਉਹ ਗਰਭ ਅਵਸਥਾ ਨੂੰ ਜਾਰੀ ਰੱਖਣ ਦੀ ਚੋਣ ਕਰ ਸਕਦੀਆਂ ਹਨ ਜਾਂ ਗਰਭ-ਅਵਸਥਾ ਨੂੰ ਜਾਰੀ ਨਾ ਰੱਖਣ ਦੀ ਚੋਣ ਕਰ ਸਕਦੀਆਂ ਹਨ ਅਤੇ ਇਸ ਨੂੰ ਸਮਾਪਤ ਕਰ ਸਕਦੀਆਂ ਹਨ।
ਜੇ ਤੁਹਾਨੂੰ ਇਸ ਵਿਕਲਪ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਫੈਸਲਾ ਲੈਣ ਵਿੱਚ ਸਹਾਇਤਾ ਲਈ ਤੁਹਾਨੂੰ ਸਿਹਤ ਦੇਖਭਾਲ ਦੇ ਪੇਸ਼ੇਵਰਾਂ ਤੋਂ ਆਪਣੀ ਹਾਲਤ ਅਤੇ ਸਹਾਇਤਾ ਬਾਰੇ ਹੋਰ ਜਾਣਕਾਰੀ ਮਿਲੇਗੀ।
ਸਹਾਇਤਾ ਸੰਗਠਨਾਂ ਤੋਂ ਵੀ ਜਾਣਕਾਰੀ ਉਪਲਬਧ ਹੈ।
ਸਹਾਇਤਾ ਸੰਗਠਨਾਂ ਬਾਰੇ ਵਧੇਰੇ ਜਾਣਕਾਰੀ ਅਤੇ ਵੇਰਵੇ NHS ਦੀ ਵੈੱਬਸਾਈਟ ‘ਤੇ ਦੇਖੋ।
13. ਇਸ ਕਿਤਾਬਚੇ ਬਾਰੇ
ਉਪਰੋਕਤ ਫੋਟੋ ਦੀ ਵਰਤੋਂ ਕਰਨ ਦੀ ਇਜਾਜ਼ਤ ਲਈ ਡਾਊਨਜ਼ ਸਿੰਡ੍ਰੋਮ ਐਸੋਸੀਏਸ਼ਨ (Down’s Syndrome Association) ਨੂੰ ਧੰਨਵਾਦ ਸਮੇਤ।