ਪਟਾਊ ਸਿੰਡਰੋਮ (T13): ਮਾਪਿਆਂ ਲਈ ਜਾਣਕਾਰੀ (Punjabi)
Updated 25 April 2025
Applies to England
ਤੁਸੀਂ ਇਹ ਜਾਣਕਾਰੀ ਪੜ੍ਹ ਰਹੇ ਹੋ ਕਿਉਂਕਿ ਤੁਹਾਡੇ 20-ਹਫ਼ਤੇ ਦੇ ਸਕੈਨ (20-week scan) ਤੋਂ ਬਾਅਦ ਤੁਹਾਡੇ ਬੱਚੇ ਨੂੰ ਪਟਾਊਜ਼ ਸਿੰਡਰੋਮ {ਜਿਸ ਨੂੰ ਟ੍ਰਾਈਸੋਮੀ 13 (Trisomy 13) ਜਾਂ T13 ਵੀ ਕਿਹਾ ਜਾਂਦਾ ਹੈ} ਹੋਣ ਦਾ ਸ਼ੱਕ ਹੈ।
ਇਹ ਜਾਣਕਾਰੀ ਨਾਲ ਤੁਹਾਡੀ ਅਤੇ ਤੁਹਾਡੇ ਬੱਚੇ ਦੀ ਦੇਖਭਾਲ ਦੇ ਅਗਲੇ ਪੜਾਵਾਂ ਬਾਰੇ ਗੱਲ ਕਰਨ ਵਿੱਚ ਤੁਹਾਡੀ ਅਤੇ ਤੁਹਾਡੇ ਸਿਹਤ ਪੇਸ਼ੇਵਰਾਂ ਦੀ ਮਦਦ ਹੋਣੀ ਚਾਹੀਦੀ ਹੈ। ਇਸ ਨੂੰ ਸਿਹਤ ਪੇਸ਼ੇਵਰਾਂ ਨਾਲ ਤੁਹਾਡੀ ਚਰਚਾ ਦਾ ਸਮਰਥਨ ਕਰਨਾ ਚਾਹੀਦਾ ਹੈ, ਪਰ ਬਦਲਿਆ ਨਹੀਂ ਜਾਣਾ ਚਾਹੀਦਾ।
ਇਹ ਪਤਾ ਲਗਾਉਣਾ ਕਿ ਤੁਹਾਡੇ ਬੱਚੇ ਦੇ ਵਿਕਾਸ ਵਿੱਚ ਕੋਈ ਸਮੱਸਿਆ ਹੋ ਸਕਦੀ ਹੈ, ਚਿੰਤਾਜਨਕ ਹੋ ਸਕਦਾ ਹੈ। ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਤੁਸੀਂ ਇਕੱਲੇ ਨਹੀਂ ਹੋ।
ਅਸੀਂ ਤੁਹਾਨੂੰ ਇੱਕ ਮਾਹਰ ਟੀਮ ਕੋਲ ਭੇਜਾਂਗੇ ਜੋ:
- ਤੁਹਾਡੇ ਬੱਚੇ ਦੀ ਸਥਿਤੀ ਬਾਰੇ ਵਧੇਰੇ ਸਹੀ ਜਾਣਕਾਰੀ ਪ੍ਰਦਾਨ ਕਰਨਗੇ
- ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ
- ਅਗਲੇ ਕਦਮਾਂ ਦੀ ਯੋਜਨਾ ਬਣਾਉਣ ਵਿੱਚ ਤੁਹਾਡੀ ਮਦਦ ਕਰਨਗੇ
ਪਟਾਊਜ਼ ਸਿੰਡਰੋਮ ਬਾਰੇ
ਸਾਡੇ ਸਰੀਰ ਦੇ ਸੈੱਲਾਂ ਦੇ ਅੰਦਰ ਕ੍ਰੋਮੋਸੋਮ ਨਾਮਕ ਛੋਟੀਆਂ ਬਣਤਰਾਂ ਹੁੰਦੀਆਂ ਹਨ। ਇਨ੍ਹਾਂ ਕ੍ਰੋਮੋਸੋਮ (ਗੁਣਸੂਤੱਰ) ਵਿੱਚ ਅਜਿਹੇ ਜੀਨਸ (ਵੰਸ਼ਾਣੁ) ਹੁੰਦੇ ਹਨ ਜੋ ਇਹ ਨਿਰਧਾਰਤ ਕਰਦੇ ਹਨ ਕਿ ਅਸੀਂ ਕਿਵੇਂ ਵਿਕਾਸ ਕਰਦੇ ਹਾਂ। ਮਨੁੱਖੀ ਸਰੀਰ ਦੇ ਸੈੱਲਾਂ ਵਿੱਚ 46 ਕ੍ਰੋਮੋਸੋਮ ਹੁੰਦੇ ਹਨ। ਸੁਕ੍ਰਾਣੂ ਜਾਂ ਅੰਡੇ ਦੇ ਸੈੱਲਾਂ ਵਿੱਚ ਹੋਣ ਵਾਲੀਆਂ ਤਬਦੀਲੀਆਂ ਕਾਰਨ ਬੱਚੇ ਵਿੱਚ ਇੱਕ ਵਾਧੂ ਕ੍ਰੋਮੋਸੋਮ ਹੋ ਸਕਦਾ ਹੈ।
ਪਟਾਊਜ਼ ਸਿੰਡਰੋਮ ਵਾਲੇ ਬੱਚਿਆਂ ਦੇ ਸਾਰੇ ਜਾਂ ਕੁਝ ਸੈੱਲਾਂ ਵਿੱਚ ਕ੍ਰੋਮੋਸੋਮ 13 ਦੀ ਇੱਕ ਵਾਧੂ ਕਾਪੀ ਹੁੰਦੀ ਹੈ।
ਪਟਾਊਜ਼ ਸਿੰਡਰੋਮ ਦੀਆਂ 3 ਕਿਸਮਾਂ ਹਨ ਜਿਨ੍ਹਾਂ ਨੂੰ ਫੁੱਲ (ਪੂਰਾ), ਮੋਜ਼ੇਕ ਅਤੇ ਅੰਸ਼ਿਕ ਪਟਾਊ ਸਿੰਡਰੋਮ ਕਿਹਾ ਜਾਂਦਾ ਹੈ। ਸਥਿਤੀ ਕਿੰਨੀ ਗੰਭੀਰ ਹੈ ਇਹ ਆਮ ਤੌਰ ‘ਤੇ ਤੁਹਾਡੇ ਬੱਚੇ ਦੇ ਪਟਾਊਜ਼ ਸਿੰਡਰੋਮ ਦੀ ਕਿਸਮ ‘ਤੇ ਨਿਰਭਰ ਕਰਦਾ ਹੈ। 20-ਹਫ਼ਤੇ ਤੇ ਸਕੈਨ ਕੀਤੀ ਸਕ੍ਰੀਨਿੰਗ ਤੁਹਾਨੂੰ ਇਹ ਨਹੀਂ ਦੱਸ ਸਕਦੀ ਕਿ ਤੁਹਾਡੇ ਬੱਚੇ ਨੂੰ ਕਿਸ ਕਿਸਮ ਦਾ ਪਟਾਊਜ਼ ਸਿੰਡਰੋਮ ਹੋ ਸਕਦਾ ਹੈ।
ਬਹੁਤ ਸਾਰੇ ਮਾਮਲਿਆਂ ਵਿੱਚ, ਪਟਾਊਜ਼ ਸਿੰਡਰੋਮ ਜੀਵਨ ਨੂੰ ਸੀਮਤ ਕਰਨ ਵਾਲੀ ਇੱਕ ਸਥਿਤੀ ਹੁੰਦੀ ਹੈ ਅਤੇ ਬਚਣ ਦੀਆਂ ਦਰਾਂ ਘੱਟ ਹੁੰਦੀਆਂ ਹਨ। ਇਸ ਸਥਿਤੀ ਨੂੰ ਠੀਕ ਕਰਨ ਦਾ ਕੋਈ ਤਰੀਕਾ ਨਹੀਂ ਹੈ।
ਪਟਾਊਜ਼ ਸਿੰਡਰੋਮ ਨਾਲ ਪੈਦਾ ਹੋਏ ਸਾਰੇ ਬੱਚਿਆਂ ਵਿੱਚ ਸਿੱਖਣ ਵਿੱਚ ਅਸਮਰਥਤਾਵਾਂ ਅਤੇ ਸਿਹਤ ਚੁਣੌਤੀਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਹੋਵੇਗੀ, ਜਿਨ੍ਹਾਂ ਵਿੱਚੋਂ ਕੁਝ ਬਹੁਤ ਗੰਭੀਰ ਹੋ ਸਕਦੀਆਂ ਹਨ। ਉਹਨਾਂ ਨੂੰ ਹੇਠ ਦਿੱਤਿਆਂ ਨਾਲ ਸਮੱਸਿਆਵਾਂ ਹੋ ਸਕਦੀਆਂ ਹਨ:
- ਦਿਲ
- ਸਾਹ ਪ੍ਰਣਾਲੀ
- ਗੁਰਦੇ
- ਪਾਚਨ ਪ੍ਰਣਾਲੀ
ਪੂਰੇ ਪਟਾਊਜ਼ ਸਿੰਡਰੋਮ ਨਾਲ ਪੈਦਾ ਹੋਏ ਬੱਚੇ ਆਪਣੀਆਂ ਗੁੰਝਲਦਾਰ ਲੋੜਾਂ ਦੇ ਬਾਵਜੂਦ ਹੌਲੀ-ਹੌਲੀ ਆਪਣੇ ਵਿਕਾਸ ਦੇ ਨਾਲ ਤਰੱਕੀ ਕਰ ਸਕਦੇ ਹਨ।
ਮੋਜ਼ੇਕ ਜਾਂ ਅੰਸ਼ਿਕ ਪਟਾਊਜ਼ ਸਿੰਡਰੋਮ ਨਾਲ ਪੈਦਾ ਹੋਏ ਬੱਚਿਆਂ ਨੂੰ ਘੱਟ ਗੰਭੀਰ ਸਿਹਤ ਚੁਣੌਤੀਆਂ ਹੋ ਸਕਦੀਆਂ ਹਨ, ਪਰ ਬੱਚੇ ਦੇ ਜਨਮ ਤੋਂ ਪਹਿਲਾਂ ਇਹ ਜਾਣਨਾ ਸੰਭਵ ਨਹੀਂ ਹੈ।
ਕਾਰਨ
ਅਸੀਂ ਵਾਸਤਵ ਵਿੱਚ ਨਹੀਂ ਜਾਣਦੇ ਕਿ ਪਟਾਊਜ਼ ਸਿੰਡਰੋਮ ਦਾ ਕਾਰਨ ਕੀ ਹੈ। ਇਹ ਤੁਹਾਡੇ ਦੁਆਰਾ ਕੀਤੀ ਜਾਂ ਨਾ ਕੀਤੀ ਕਿਸੇ ਚੀਜ਼ ਦੇ ਕਾਰਨ ਨਹੀਂ ਹੁੰਦਾ ਹੈ। ਪਟਾਊਜ਼ ਸਿੰਡਰੋਮ ਵਾਲੇ ਬੱਚੇ ਹਰ ਉਮਰ ਦੀਆਂ ਮਾਵਾਂ ਨੂੰ ਪੈਦਾ ਹੁੰਦੇ ਹਨ ਪਰ ਮਾਂ ਦੀ ਉਮਰ ਵਧਣ ਦੇ ਨਾਲ ਇਸ ਸਥਿਤੀ ਵਾਲੇ ਬੱਚੇ ਦੇ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਤੁਸੀਂ ਇੱਕ ਮਾਹਰ ਟੀਮ ਨਾਲ ਆਪਣੇ ਵਿਅਕਤੀਗਤ ਹਾਲਾਤਾਂ ਬਾਰੇ ਚਰਚਾ ਕਰਨ ਦੇ ਯੋਗ ਹੋਵੋਗੇ।
ਪਟਾਊਜ਼ ਸਿੰਡਰੋਮ ਹਰ 4,000 (0.03%) ਵਿੱਚੋਂ ਲਗਭਗ ਇੱਕ ਬੱਚੇ ਨੂੰ ਹੁੰਦਾ ਹੈ।
ਅਸੀਂ ਪਟਾਊਜ਼ ਸਿੰਡਰੋਮ ਦਾ ਪਤਾ ਕਿਵੇਂ ਲਗਾਉਂਦੇ ਹਾਂ
ਅਸੀਂ ‘20-ਹਫ਼ਤੇ ਦੇ ਸਕੈਨ’ (ਗਰਭ ਅਵਸਥਾ ਦੇ 18+0 ਅਤੇ 20 +6 ਹਫ਼ਤਿਆਂ ਦੇ ਵਿਚਕਾਰ) ‘ਤੇ ਪਟਾਊਜ਼ ਸਿੰਡਰੋਮ ਦੀ ਜਾਂਚ ਕਰਦੇ ਹਾਂ। ਪਟਾਊਜ਼ ਸਿੰਡਰੋਮ ਲਈ ਸਕ੍ਰੀਨਿੰਗ 10 ਤੋਂ 14 ਹਫ਼ਤਿਆਂ ਦੇ ਵਿਚਕਾਰ ਗਰਭ ਅਵਸਥਾ ਵਿੱਚ ਪਹਿਲਾਂ ਪੇਸ਼ ਕੀਤੇ ਗਏ ਸੰਯੁਕਤ ਟੈਸਟ ਦਾ ਵੀ ਹਿੱਸਾ ਹੁੰਦਾ ਹੈ।
ਟੈਸਟਸ ਅਤੇ ਮੁਲਾਕਾਤਾਂ ਲਈ ਅੱਗੇ ਦੀ ਕਾਰਵਾਹੀ
ਕਿਉਂਕਿ ਸਕੈਨ ਦਾ ਨਤੀਜਾ ਇਹ ਦਰਸਾਉਂਦਾ ਹੈ ਕਿ ਤੁਹਾਡੇ ਬੱਚੇ ਨੂੰ ਪਟਾਊਜ਼ ਸਿੰਡਰੋਮ ਵਰਗੀ ਸਥਿਤੀ ਹੋ ਸਕਦੀ ਹੈ, ਅਸੀਂ ਤੁਹਾਨੂੰ ਇੱਕ ਮਾਹਰ ਟੀਮ ਕੋਲ ਭੇਜ ਰਹੇ ਹਾਂ ਜੋ ਗਰਭਵਤੀ ਮਾਵਾਂ ਅਤੇ ਜਨਮ ਤੋਂ ਪਹਿਲਾਂ ਉਹਨਾਂ ਦੇ ਬੱਚਿਆਂ ਦੀ ਦੇਖਭਾਲ ਕਰਦੀ ਹੈ। ਉਹ ਉਸ ਹਸਪਤਾਲ ਵਿੱਚ ਅਧਾਰਤ ਹੋ ਸਕਦੇ ਹਨ ਜਿੱਥੇ ਤੁਸੀਂ ਵਰਤਮਾਨ ਵਿੱਚ ਜਣੇਪੇ ਤੋਂ ਪਹਿਲਾਂ ਦੇਖਭਾਲ ਪ੍ਰਾਪਤ ਕਰ ਰਹੇ ਹੋ, ਜਾਂ ਕਿਸੇ ਵੱਖਰੇ ਹਸਪਤਾਲ ਵਿੱਚ। ਮਾਹਰ ਟੀਮ ਤੁਹਾਨੂੰ ਵਾਧੂ ਟੈਸਟਾਂ ਦੀ ਪੇਸ਼ਕਸ਼ ਕਰ ਸਕਦੀ ਹੈ, ਜਿਵੇਂ ਕਿ chorionic villus sampling (CVS) or amniocentesis (ਕੋਰਿਓਨਿਕ ਵਿਲਸ ਸੈਂਪਲਿੰਗ (ਸੀਵੀਐਸ) ਜਾਂ ਐਮਨੀਓਸੈਂਟੇਸਿਸ), ਜੋ ਇਹ ਪੁਸ਼ਟੀ ਕਰਨ ਦੇ ਯੋਗ ਹੋਣਗੇ ਕਿ ਕੀ ਤੁਹਾਡੇ ਬੱਚੇ ਨੂੰ ਪੈਟਾਊਜ਼ ਸਿੰਡਰੋਮ ਹੈ ਅਤੇ ਇਸਦਾ ਕੀ ਅਰਥ ਹੋ ਸਕਦਾ ਹੈ।
ਮਾਹਰ ਟੀਮ ਨੂੰ ਮਿਲਣ ਤੋਂ ਪਹਿਲਾਂ ਜੋ ਵੀ ਸਵਾਲ ਤੁਸੀਂ ਪੁੱਛਣਾ ਚਾਹੁੰਦੇ ਹੋ, ਉਹਨਾਂ ਨੂੰ ਲਿਖ ਲੈਣਾ ਲਾਭਦਾਇਕ ਹੋ ਸਕਦਾ ਹੈ।
ਨਤੀਜਾ
ਪਟਾਊਜ਼ ਸਿੰਡਰੋਮ ਦਾ ਕੋਈ ਇਲਾਜ ਨਹੀਂ ਹੈ। ਅਫ਼ਸੋਸ ਦੀ ਗੱਲ ਹੈ ਕਿ,ਪਟਾਊਜ਼ ਸਿੰਡਰੋਮ ਵਾਲੇ ਬਹੁਤ ਸਾਰੇ ਬੱਚਿਆਂ ਦਾ ਗਰਭ ਅਵਸਥਾ ਦੌਰਾਨ ਗਰਭਪਾਤ ਹੋ ਜਾਂਦਾ ਹੈ। ਜਿਊਂਦੇ ਪੈਦਾ ਹੋਏ ਬੱਚਿਆਂ ਵਿੱਚੋਂ ਲਗਭਗ 11% ਆਪਣੇ ਪਹਿਲੇ ਜਨਮਦਿਨ ਤੋਂ ਬਾਅਦ ਤੱਕ ਜਿਉਂਦੇ ਹਨ। ਕੁਝ ਬੱਚੇ ਬਾਲਗ ਹੋਣ ਤੱਕ ਬਚ ਸਕਦੇ ਹਨ, ਪਰ ਇਹ ਬਹੁਤ ਘੱਟ ਹੁੰਦਾ ਹੈ।
ਮੋਜ਼ੇਕ ਜਾਂ ਪਟਾਊ ਸਿੰਡਰੋਮ ਦੀਆਂ ਅੰਸ਼ਕ ਕਿਸਮਾਂ ਨਾਲ ਪੈਦਾ ਹੋਏ ਬੱਚਿਆਂ ਲਈ ਜੀਵਨ ਦੀ ਸੰਭਾਵਨਾ ਬਹੁਤ ਜ਼ਿਆਦਾ ਪਰਿਵਰਤਨਸ਼ੀਲ ਹੋ ਸਕਦੀ ਹੈ।
ਪਟਾਊਜ਼ ਸਿੰਡਰੋਮ ਵਾਲੇ ਬੱਚਿਆਂ ਨੂੰ ਜਨਮ ਤੋਂ ਬਾਅਦ ਮਾਹਰ ਦੇਖਭਾਲ ਅਤੇ ਇਲਾਜ ਦੀ ਲੋੜ ਹੁੰਦੀ ਹੈ। ਇਹ ਉਹਨਾਂ ਸਥਿਤੀਆਂ ਦੇ ਲੱਛਣਾਂ ‘ਤੇ ਧਿਆਨ ਕੇਂਦਰਤ ਕਰੇਗਾ ਜੋ ਉਹਨਾਂ ਨੂੰ ਹੈ।
ਪਟਾਊਜ਼ ਸਿੰਡਰੋਮ ਵਾਲੇ ਲਗਭਗ ਅੱਧੇ ਬੱਚਿਆਂ ਦੇ ਬੁੱਲ੍ਹ ਅਤੇ ਤਾਲੂ ਫਟੇ ਹੋਏ ਹੋਣਗੇ। ਪਟਾਊਜ਼ ਸਿੰਡਰੋਮ ਵਾਲੇ ਬੱਚਿਆਂ ਦਾ ਜਨਮ ਵਜ਼ਨ ਵੀ ਘੱਟ ਹੋ ਸਕਦਾ ਹੈ।
ਅਗਲੇ ਪੜਾਅ ਅਤੇ ਚੋਣਾਂ
ਜੇਕਰ ਇਹ ਪੁਸ਼ਟੀ ਹੋ ਜਾਂਦੀ ਹੈ ਕਿ ਤੁਹਾਡੇ ਬੱਚੇ ਨੂੰ ਪਟਾਊਜ਼ ਸਿੰਡਰੋਮ ਹੈ, ਤਾਂ ਤੁਸੀਂ ਆਪਣੀ ਗਰਭ ਅਵਸਥਾ ਦੌਰਾਨ ਤੁਹਾਡੀ ਦੇਖਭਾਲ ਕਰਨ ਵਾਲੀ ਟੀਮ ਨਾਲ ਆਪਣੇ ਬੱਚੇ ਦੀ ਸਥਿਤੀ ਅਤੇ ਤੁਹਾਡੇ ਵਿਕਲਪਾਂ ਬਾਰੇ ਗੱਲ ਕਰ ਸਕਦੇ ਹੋ। ਇਹਨਾਂ ਵਿੱਚ ਤੁਹਾਡੀ ਗਰਭ ਅਵਸਥਾ ਨੂੰ ਜਾਰੀ ਰੱਖਣਾ ਜਾਂ ਤੁਹਾਡੀ ਗਰਭ ਅਵਸਥਾ ਨੂੰ ਖਤਮ ਕਰਨਾ ਸ਼ਾਮਲ ਹੋਵੇਗਾ। ਤੁਸੀਂ ਪਟਾਊਜ਼ ਸਿੰਡਰੋਮ ਬਾਰੇ ਹੋਰ ਜਾਣਨਾ ਚਾਹ ਸਕਦੇ ਹੋ। ਇਸ ਸਥਿਤੀ ਵਿੱਚ ਮਾਪਿਆਂ ਦੀ ਮਦਦ ਕਰਨ ਦੇ ਤਜਰਬੇ ਵਾਲੀ ਸਹਾਇਤਾ ਸੰਸਥਾ ਨਾਲ ਗੱਲ ਕਰਨਾ ਮਦਦਗਾਰ ਹੋ ਸਕਦਾ ਹੈ।
ਜੇਕਰ ਤੁਸੀਂ ਆਪਣੀ ਗਰਭ ਅਵਸਥਾ ਜਾਰੀ ਰੱਖਣ ਦਾ ਫੈਸਲਾ ਕਰਦੇ ਹੋ, ਤਾਂ ਮਾਹਰ ਟੀਮ ਤੁਹਾਡੀ ਦੇਖਭਾਲ ਦੀ ਯੋਜਨਾ ਬਣਾਉਣ ਵਿੱਚ ਤੁਹਾਡੀ ਮਦਦ ਕਰੇਗੀ। ਇਹ ਟੀਮ ਤੁਹਾਡੇ ਨਾਲ ਚਰਚਾ ਕਰੇਗੀ ਕਿ ਤੁਸੀਂ ਜਨਮ ਤੋਂ ਬਾਅਦ ਆਪਣੇ ਬੱਚੇ ਦੀ ਦੇਖਭਾਲ ਕਿਵੇਂ ਕਰਨਾ ਚਾਹੁੰਦੇ ਹੋ। ਤੁਹਾਡੇ ਬੱਚੇ ਦੇ ਖਾਸ ਲੱਛਣਾਂ ‘ਤੇ ਨਿਰਭਰ ਕਰਦਿਆਂ, ਉਪਚਾਰਕ ਦੇਖਭਾਲ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ। ਬੱਚਿਆਂ ਦੀ ਉਪਚਾਰਕ ਦੇਖਭਾਲ ਜੀਵਨ ਦੀ ਸਭ ਤੋਂ ਵਧੀਆ ਸੰਭਾਵੀ ਗੁਣਵੱਤਾ ਨੂੰ ਉਤਸ਼ਾਹਿਤ ਕਰਨ ਅਤੇ ਜੀਵਨ-ਸੀਮਤ ਸਥਿਤੀ ਵਾਲੇ ਹਰ ਬੱਚੇ ਅਤੇ ਉਨ੍ਹਾਂ ਦੇ ਪਰਿਵਾਰ ਦੀ ਦੇਖਭਾਲ ਬਾਰੇ ਹੈ।
ਜੇਕਰ ਤੁਸੀਂ ਆਪਣੀ ਗਰਭ-ਅਵਸਥਾ ਨੂੰ ਖਤਮ ਕਰਨ ਦਾ ਫੈਸਲਾ ਕਰਦੇ ਹੋ, ਤਾਂ ਤੁਹਾਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਕਿ ਇਸ ਵਿੱਚ ਕੀ ਸ਼ਾਮਲ ਹੈ ਅਤੇ ਤੁਹਾਨੂੰ ਕਿਵੇਂ ਸਹਾਇਤਾ ਦਿੱਤੀ ਜਾਵੇਗੀ। ਤੁਹਾਨੂੰ ਇਹ ਚੋਣ ਕਰਨ ਦੀ ਪੇਸ਼ਕਸ਼ ਕੀਤੀ ਜਾਣੀ ਚਾਹੀਦੀ ਹੈ ਕਿ ਤੁਹਾਡੀ ਗਰਭ ਅਵਸਥਾ ਕਿੱਥੇ ਅਤੇ ਕਿਵੇਂ ਖਤਮ ਕਰਨੀ ਹੈ ਅਤੇ ਤੁਹਾਡੀ ਅਤੇ ਤੁਹਾਡੇ ਪਰਿਵਾਰ ਲਈ ਵਿਅਕਤੀਗਤ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ।
ਸਿਰਫ਼ ਤੁਸੀਂ ਜਾਣਦੇ ਹੋ ਕਿ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਸਭ ਤੋਂ ਵਧੀਆ ਫੈਸਲਾ ਕੀ ਹੈ।
ਤੁਸੀਂ ਜੋ ਵੀ ਫੈਸਲਾ ਕਰੋਗੇ, ਤੁਹਾਡੇ ਸਿਹਤ ਸੰਭਾਲ ਪੇਸ਼ੇਵਰ ਤੁਹਾਡੀ ਸਹਾਇਤਾ ਕਰਨਗੇ।
ਭਵਿੱਖ ਦੀਆਂ ਗਰਭ-ਅਵਸਥਾਵਾਂ
ਜੇਕਰ ਤੁਸੀਂ ਹੋਰ ਬੱਚੇ ਨੂੰ ਜਨਮ ਦੇਣ ਦੀ ਚੋਣ ਕਰਦੇ ਹੋ, ਤਾਂ ਉਹਨਾਂ ਨੂੰ ਪਟਾਊਜ਼ ਸਿੰਡਰੋਮ ਹੋਣ ਦੀ ਸੰਭਾਵਨਾ ਨਹੀਂ ਹੁੰਦੀ ਹੈ।
ਪਟਾਊਜ਼ ਸਿੰਡਰੋਮ ਵਾਲੇ ਬੱਚੇ ਹਰ ਉਮਰ ਦੀਆਂ ਮਾਵਾਂ ਨੂੰ ਪੈਦਾ ਹੁੰਦੇ ਹਨ ਪਰ ਮਾਂ ਦੀ ਉਮਰ ਵੱਧਣ ਨਾਲ ਇਸਦੇ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਭਵਿੱਖ ਦੀਆਂ ਗਰਭ-ਅਵਸਥਾਵਾਂ ਬਾਰੇ ਚਰਚਾ ਕਰਨ ਲਈ ਤੁਹਾਨੂੰ ਜੈਨੇਟਿਕ ਕਾਉਂਸਲਰ ਕੋਲ ਭੇਜਿਆ ਜਾ ਸਕਦਾ ਹੈ।
ਹੋਰ ਜਾਣਕਾਰੀ ਅਤੇ ਸਹਾਇਤਾ
Antenatal Results and Choices (ARC) (ਜਨਮ ਤੋਂ ਪਹਿਲਾਂ ਦੇ ਨਤੀਜੇ ਅਤੇ ਵਿਕਲਪ)(ARC) ਇੱਕ ਰਾਸ਼ਟਰੀ ਚੈਰਿਟੀ ਹੈ ਜੋ ਸਕ੍ਰੀਨਿੰਗ ਅਤੇ ਨਿਦਾਨ ਅਤੇ ਗਰਭ ਅਵਸਥਾ ਨੂੰ ਜਾਰੀ ਰੱਖਣ ਜਾਂ ਨਾ ਰੱਖਣ ਬਾਰੇ ਫੈਸਲੇ ਲੈਣ ਵਾਲੇ ਲੋਕਾਂ ਦੀ ਸਹਾਇਤਾ ਕਰਦੀ ਹੈ।
Support Organisation for Trisomy 13/18 (SOFT UK) (ਸਪੋਰਟ ਆਰਗੇਨਾਈਜ਼ੇਸ਼ਨ ਫਾਰ ਟ੍ਰਾਈਸੋਮੀ 13/18) (SOFT UK) ਇੱਕ ਰਾਸ਼ਟਰੀ ਚੈਰਿਟੀ ਹੈ ਜੋ ਪਟਾਊਜ਼ ਸਿੰਡਰੋਮ, Edward’s syndrome (ਐਡਵਰਡਸ ਸਿੰਡਰੋਮ) ਅਤੇ ਸੰਬੰਧਿਤ ਹਾਲਤਾਂ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਕਰਦੀ ਹੈ।
ਤੁਸੀਂ information about Patau’s syndrome on the NHS website (NHS ਵੈੱਬਸਾਈਟ ‘ਤੇ ਪਟਾਊਜ਼ ਸਿੰਡਰੋਮ ਬਾਰੇ ਹੋਰ ਜਾਣਕਾਰੀ) ਪ੍ਰਾਪਤ ਕਰ ਸਕਦੇ ਹੋ।
ਪਤਾ ਕਰੋ ਕਿ how NHS England uses and protects your screening information. (NHS ਇੰਗਲੈਂਡ ਤੁਹਾਡੀ ਸਕ੍ਰੀਨਿੰਗ ਜਾਣਕਾਰੀ ਦੀ ਵਰਤੋਂ ਅਤੇ ਸੁਰੱਖਿਆ ਕਿਵੇਂ ਕਰਦਾ ਹੈ)।
ਪਤਾ ਕਰੋ ਕਿ how to opt out of screening (ਸਕ੍ਰੀਨਿੰਗ ਕਿਵੇਂ ਨਹੀਂ ਕਰਵਾਉਣੀ ਹੈ)।